ਰਾਜਪੁਰਾ, 10 ਮਾਰਚ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਚਰਸ ਰੱਖਣ, ਚੋਰੀ ਦੇ ਮੋਬਾਈਲ, ਮੋਟਰ ਸਾਈਕਲ, ਨਕਦੀ ਅਤੇ ਲੜਾਈ ਝਗੜਾ ਕਰਨ ਦੇ ਦੋਸ਼ 'ਚ ਦੋ ਔਰਤਾਂ ਸਮੇਤ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਮਨਜੀਤ ਸਿੰਘ ਅਤੇ ਥਾਣਾ ਮੁਖੀ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਦੋ ਔਰਤਾਂ ਨੂੰ ਮਿਡ-ਵੇ ਕੋਲੋਂ ਅੱਠ ਕਿੱਲੋ ਚਰਸ ਸਮੇਤ ਕਾਬੂ ਕੀਤਾ | ਇਨ੍ਹਾਂ ਦੀ ਪਹਿਚਾਣ ਝੱਲੀਆ ਦੇਵੀ ਅਤੇ ਅੰਮਿ੍ਤਾ ਦੇਵੀ ਵਾਸੀ ਬਿਹਾਰ ਵਜੋਂ ਹੋਈ ਹੈ | ਉਨ੍ਹਾਂ ਨੇ ਅੱਗੇ ਦੱਸਿਆ ਕਿ ਬੀਤੇ ਦਿਨੀਂ ਗੁਰਪ੍ਰੀਤ ਸਿੰਘ ਵਾਸੀ ਬਨੂੜ ਕੋਲੋਂ ਸਟੀਲ ਦੀ ਰਾਡ ਮਾਰ ਕੇ ਮੋਬਾਈਲ, ਮੋਟਰ ਸਾਈਕਲ ਅਤੇ ਨਕਦੀ ਖੋਹ ਲਈ ਸੀ | ਇਨ੍ਹਾਂ ਨੂੰ ਚੌਂਕੀ ਇੰਚਾਰਜ ਬਲਬੀਰ ਸਿੰਘ ਅਤੇ ਪੁਲਿਸ ਪਾਰਟੀ ਖੋਹ ਕੀਤੇ ਗਏ ਮੋਬਾਈਲ, ਮੋਟਰਸਾਈਕਲ ਅਤੇ ਨਕਦੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਇਨ੍ਹਾਂ ਨੇ ਪੁਲਿਸ ਨੂੰ ਆਪਣੀ ਪਹਿਚਾਣ ਰਵਿੰਦਰ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਚੀਮਾ ਅਤੇ ਅਮਨਿੰਦਰ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਨਾਰੋਮਾਜਰਾ ਦੱਸੀ ਹੈ | ਡੀ.ਐੱਸ.ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੇ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ | ਇਸੇ ਤਰ੍ਹਾਂ ਪੁਲਿਸ ਪਾਰਟੀ ਨੇ 24 ਘੰਟੇ ਦੇ ਅੰਦਰ-ਅੰਦਰ ਲੜਾਈ ਝਗੜਾ ਕਰਨ ਦੇ ਦੋਸ਼ 'ਚ ਅਰਸ਼ ਖ਼ਾਨ, ਪ੍ਰਭ ਸਿਮਰਨ ਸਮੇਤ ਹੋਰ ਨਾਬਾਲਗ ਵਿਅਕਤੀਆਂ ਨੰੂ ਕਾਬੂ ਕੀਤਾ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਲੜਾਈ ਝਗੜਾ ਕਰਨ ਵਾਲੇ ਵਿਅਕਤੀਆਂ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਵਾਇਰਲ ਹੋਈ ਸੀ | ਪੁਲਿਸ ਨੇ ਇਨ੍ਹਾਂ ਨੂੰ 24 ਘੰਟੇ ਦੇ ਅੰਦਰ ਕਾਬੂ ਕਰਨ ਦਾ ਦਾਅਵਾ ਕੀਤਾ ਹੈ |