ਬਹਾਦਰਗੜ੍ਹ, 10 ਮਾਰਚ (ਕੁਲਵੀਰ ਸਿੰਘ ਧਾਲੀਵਾਲ)-ਬਹਾਦਰਗੜ੍ਹ ਵਿਖੇ ਬਠਿੰਡਾ ਜ਼ੀਰਕਪੁਰ ਸੜਕ ਦੇ ਨਾਲ ਲੱਗਦੀ ਸਲਿਪ ਸੜਕ 'ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਦੇ ਨੇੜੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਦੇ ਬਾਹਰ ਕੂੜੇ ਦਾ ਵੱਡਾ ਡੰਪ ਹੈ, ਜੋ ਬਦਬੂ ਅਤੇ ਬਿਮਾਰੀਆਂ ਦਾ ਘਰ ਬਣ ਚੁੱਕਾ ਹੈ | ਸਥਾਨਕ ਵਾਸੀਆਂ, ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਅਤੇ ਰਾਹਗੀਰਾਂ ਲਈ ਇਹ ਕੂੜਾ ਇਕ ਵੱਡੀ ਸਿਰ ਦਰਦੀ ਹੈ | ਇਲਾਕਾ ਨਿਵਾਸੀਆਂ ਵਲੋਂ ਅਮਨਿੰਦਰ ਪਾਲ ਸਿੰਘ ਪਿੰਡ ਜਲਾਲਪੁਰ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਕੂੜੇ ਦੇ ਡੰਪ ਕਾਰਨ ਇਲਾਕੇ ਵਿਚ ਗੰਦਗੀ, ਬਦਬੂ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਆਸ-ਪਾਸ ਦੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਥਾਨ ਦੇ ਨੇੜੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਤੀਰਥ ਅਸਥਾਨ ਸਥਿਤ ਹੈ | ਇਸ ਤੋਂ ਇਲਾਵਾ ਨੇੜੇ ਮਾਰਕੀਟ, ਖੇਡ ਮੈਦਾਨ, ਸਰਕਾਰੀ ਐਲੀਮੈਂਟਰੀ ਸਕੂਲ, ਵਾਟਰ ਸਪਲਾਈ ਦਫ਼ਤਰ ਅਤੇ ਸ਼ਮਸ਼ਾਨ ਘਾਟ ਵੀ ਹਨ | ਇਹ ਸਥਾਨ ਮੁੱਖ ਸੜਕ ਉੱਪਰ ਹੋਣ ਕਰਕੇ ਇੱਥੇ ਆਵਾਜਾਈ ਵੀ ਬਹੁਤ ਜ਼ਿਆਦਾ ਰਹਿੰਦੀ ਹੈ ਅਤੇ ਧਾਰਮਿਕ ਅਤੇ ਸਰਕਾਰੀ ਸੰਸਥਾਵਾਂ ਦੇ ਨੇੜੇ ਇਸ ਤਰ੍ਹਾਂ ਕੂੜੇ ਦਾ ਡੰਪ ਹੋਣਾ ਬਹੁਤ ਹੀ ਦੁਖਦਾਈ ਅਤੇ ਗੰਭੀਰ ਸਮੱਸਿਆ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਹੈ ਕਿ ਇਸ ਕੂੜੇ ਦੇ ਡੰਪ ਨੂੰ ਜਲਦੀ ਤੋਂ ਜਲਦੀ ਹਟਾ ਕੇ ਇਸ ਸਥਾਨ ਨੂੰ ਪੂਰੀ ਤਰ੍ਹਾਂ ਸਾਫ਼ ਕਰਵਾਇਆ ਜਾਵੇ ਅਤੇ ਇਸ ਜਗ੍ਹਾ ਨੂੰ ਸੁੰਦਰ ਪਾਰਕ ਦਾ ਰੂਪ ਦਿੱਤਾ ਜਾਵੇ | ਉਨ੍ਹਾਂ ਇਹ ਵੀ ਕਿਹਾ ਹੈ ਕਿ ਸਾਰੇ ਇਲਾਕਾ ਨਿਵਾਸੀ ਅਤੇ ਨੌਜਵਾਨ ਇਸ ਕੰਮ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਤਿਆਰ ਹਨ |