ਨਾਭਾ, 10 ਮਾਰਚ (ਜਗਨਾਰ ਸਿੰਘ ਦੁਲੱਦੀ)-ਭਾਰਤੀ ਕਿਸਾਨੀ ਯੂਨੀਅਨ ਕਾਦੀਆਂ ਦੇ ਕੌਮੀ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪਟਿਆਲਾ ਪ੍ਰਧਾਨ ਅਬਜਿੰਦਰ ਸਿੰਘ ਗਰੇਵਾਲ ਜੋਗੀ ਨਾਨੋਕੀ ਵਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਮਰਥਨ 'ਚ ਇਕ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਗਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਦਰਸ਼ਨ 'ਤੇ ਕਰਵਾਏ ਗਏ ਸੈਮੀਨਾਰ 'ਚ ਭਾਜਪਾ ਨਾਲ ਜੁੜੇ ਇੱਕ ਵੱਡੇ ਨੇਤਾ ਇਕਬਾਲ ਸਿੰਘ ਲਾਲਪੁਰਾ ਨੂੰ ਮੁੱਖ ਬੁਲਾਰੇ ਵਜੋਂ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੀਨੀਅਰ ਕਾਰਜਕਾਰੀ ਨੁਮਾਇੰਦੇ ਬਨਵੀਰ ਸਿੰਘ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ ਗਿਆ ਸੀ | ਇਸ ਦੇ ਵਿਰੋਧ 'ਚ ਵਿਦਿਆਰਥੀ ਜਥੇਬੰਦੀ ਨੇ ਪੰਜਾਬ ਯੂਨੀਵਰਸਿਟੀ 'ਚ ਵਿਰੋਧ ਪ੍ਰਦਰਸ਼ਨ ਕੀਤਾ ਪਰ ਯੂਨੀਵਰਸਿਟੀ ਪ੍ਰਸ਼ਾਸਨ ਦੀ ਸ਼ਹਿ 'ਤੇ ਚੰਡੀਗੜ੍ਹ ਪੁਲਿਸ ਵਲੋਂ ਵਿਦਿਆਰਥੀਆਂ ਦੇ ਸ਼ਾਂਤਮਈ ਅੰਦੋਲਨ ਨੂੰ ਦਬਾਉਣ ਲਈ ਬਲ ਪ੍ਰਯੋਗ ਕੀਤਾ, ਪੱਗਾਂ ਲਾਹੀਆਂ, ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਅਤੇ ਕਈ ਵਿਦਿਆਰਥੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ | ਜ਼ਿਲ੍ਹਾ ਪ੍ਰਧਾਨ ਜੋਗੀ ਨੇ ਦੱਸਿਆ ਕਿ ਆਰ.ਐੱਸ.ਐੱਸ. ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਜੋਗਿੰਦਰ ਸਿੰਘ ਵਿਦਾਤੀ ਵਲੋਂ 2004, ਜਥੇਦਾਰ ਗਿਆਨੀ ਗੁਰਬਚਨ ਸਿੰਘ 2017 ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 2019 'ਚ ਸਿੱਖਾਂ ਨੂੰ ਹੁਕਮ ਕਰਿਆ ਸੀ ਕਿ ਇਹਨਾਂ ਤੋਂ ਦੂਰੀ ਬਣਾ ਕੇ ਰੱਖੋ ਪ੍ਰੰਤੂ ਜਿੱਥੇ ਆਰ.ਐੱਸ.ਐੱਸ ਅਤੇ ਭਾਜਪਾ 'ਚ ਵੱਡੀ ਗਿਣਤੀ 'ਚ ਸਿੱਖ ਭਰਤੀ ਹੋ ਕੇ ਸਹਿਯੋਗ ਕਰ ਰਹੇ ਹਨ ਉੱਥੇ ਦੂਜੇ ਪਾਸੇ ਨਵੀਂ ਪਨੀਰੀ ਇਸ ਪ੍ਰਤੀ ਸੁਹਿਰਦ ਹੈ ਅਤੇ ਉਨ੍ਹਾਂ ਦਾ ਪੰਜਾਬ ਯੂਨੀਵਰਸਿਟੀ 'ਚ ਪਹੁੰਚੇ ਇਕਬਾਲ ਸਿੰਘ ਲਾਲਪੁਰਾ ਤੇ ਬਨਵੀਰ ਸਿੰਘ ਦਾ ਵਿਰੋਧ ਕਰਨਾ ਇਕ ਮਾਣ ਦੀ ਗੱਲ ਹੈ | ਪ੍ਰਧਾਨ ਜੋਗੀ ਨਾਨੋਕੀ ਨੇ ਕਿਹਾ ਕਿ ਭਾਕਿਯੂ ਕਾਦੀਆਂ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲਿਸ ਦੀ ਇਸ ਘਟੀਆ ਹਰਕਤ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੀ ਹੈ ਅਤੇ ਇਹ ਗੈਰ ਕਾਨੂੰਨੀ ਕਾਰਵਾਈ ਸੰਵਿਧਾਨ ਦੀ ਉਲੰਘਣਾ ਹੈ | ਯੂਨੀਅਨ ਵਲੋਂ ਸਾਰੇ ਵਿਦਿਆਰਥੀਆਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਵੀ ਕੀਤੀ ਗਈ | ਅਖੀਰ 'ਚ ਪ੍ਰਧਾਨ ਜੋਗੀ ਨਾਨੋਕੀ ਨੇ ਸਮੂਹ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕੀਤੀ ਕਿ ਉਹ ਵੀ ਵਿਦਿਆਰਥੀਆਂ ਦਾ ਸਮਰਥਨ ਕਰਨ | ਇਸ ਮੌਕੇ ਪ੍ਰਧਾਨ ਦਰਸਨ ਸਿੰਘ ਧਾਰਨੀ, ਬਿੱਲੂ ਭਲਵਾਨ, ਹਰਦੀਪ ਸਿੰਘ ਘੁਲਾ, ਜੋਗੀ ਅੜਕ, ਕੁਲਦੀਪ ਸਿੰਘ, ਦਲਜੀਤ ਸਿੰਘ, ਜ਼ੈਲਦਾਰ ਮੱਲੇਵਾਲ ਨੇ ਵੀ ਉਕਤ ਘਟਨਾ ਦੀ ਨਿੰਦਾ ਕੀਤੀ |