ਪਾਤੜਾਂ, 10 ਮਾਰਚ (ਜਗਦੀਸ਼ ਸਿੰਘ ਕੰਬੋਜ)-ਇਕ ਵਿਆਹ ਸਮਾਗਮ ਦੌਰਾਨ ਹੋਈ ਮਾਮੂਲੀ ਤਕਰਾਰ ਨੇ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਲਿਆ ਜਦੋਂ ਇਸ ਰੰਜਸ਼ ਨੂੰ ਲੈ ਕੇ ਇਕ ਧਿਰ ਨੇ ਬਹੁਤ ਸਾਰੇ ਲੋਕਾਂ ਨੂੰ ਨਾਲ ਲੈ ਕੇ ਪਿੰਡ ਖਾਂਨੇਵਾਲ ਵਿਖੇ ਜਾ ਕੇ ਦੂਜੀ ਧਿਰ ਦੇ ਘਰ ਅੰਦਰ ਜਾ ਕੇ ਹਮਲਾ ਕਰਕੇ ਪਿਉ ਪੁੱਤਰ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ | ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਪੀ.ਜੀ.ਆਈ. ਚੰਡੀਗੜ੍ਹ ਦਾਖਲ ਕਰਵਾਇਆ ਗਿਆ ਹੈ | ਸੂਚਨਾ ਮਿਲਣ 'ਤੇ ਪੁਲਿਸ ਨੇ 4 ਪਹਿਚਾਣੇ ਗਏ ਅਤੇ 36 ਦੇ ਕਰੀਬ ਅਣਪਛਾਤਿਆਂ ਸਮੇਤ 40 ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸੂਚਨਾ 'ਚ ਬਚਨਾ ਰਾਮ ਪੁੱਤਰ ਸੇਰੀ ਰਾਮ ਵਾਸੀ ਪਿੰਡ ਖਾਨੇਵਾਲ ਨੇ ਦੱਸਿਆ ਹੈ ਕਿ ਮਿਤੀ 5 ਮਾਰਚ 2026 ਨੂੰ ਮੈਂ ਆਪਣੇ ਪਰਿਵਾਰ ਸਮੇਤ ਸ਼ਰੀਕੇ 'ਚ ਵਿਆਹ 'ਤੇ ਗਿਆ ਸੀ ਜਿੱਥੇ ਸੁੱਖੀ ਰਾਮ ਨੇ ਸ਼ਰਾਬ ਪੀਤੀ ਹੋਈ ਸੀ ਤਾ ਉਹ ਮੇਰੇ ਲੜਕੇ ਸੰਦੀਪ ਰਾਮ ਨਾਲ ਬਹਿਸਬਾਜੀ ਕਰਨ ਲੱਗ ਪਿਆ ਅਤੇ ਰੋਕਣ 'ਤੇ ਉਸ ਨੇ ਸੰਦੀਪ ਰਾਮ ਦੇ ਸਿਰ 'ਚ ਆਪਣੇ ਹੱਥ 'ਚ ਪਾਇਆ ਲੋਹੇ ਦਾ ਕੜਾ ਮਾਰਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਲੜਾਈ ਤੋਂ ਹਟਾ ਦਿੱਤਾ ਅਤੇ ਦੋਵੇ ਧਿਰਾਂ ਆਪੋ-ਆਪਣੇ ਘਰ ਚਲੀਆਂ ਗਈਆਂ ਤਾਂ 8 ਮਾਰਚ ਨੂੰ ਜਦੋਂ ਮੈਂ ਆਪਣੇ ਪਰਿਵਾਰ ਸਮੇਤ ਘਰ 'ਚ ਮੌਜੂਦ ਸੀ ਤਾਂ ਸੁਖੀ ਰਾਮ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਆਏ ਬਹੁਤ ਸਾਰੇ ਲੋਕਾਂ ਨੇ ਸਾਡੇ ਘਰ ਅੰਦਰ ਦਾਖਲ ਹੋ ਕੇ ਮੇਰੇ ਕੋਠੇ 'ਤੇ ਬੈਠੇ ਉਤੇ ਹਮਲਾ ਕਰ ਦਿੱਤਾ ਅਤੇ ਫਿਰ ਹੇਠਾਂ ਕਮਰੇ ਅੰਦਰ ਪਏ ਮੇਰੇ ਲੜਕੇ ਸੰਦੀਪ ਰਾਮ ਦੇ ਕਮਰੇ ਦੀ ਖਿੜਕੀ ਨੂੰ ਪਾੜ ਲਗਾ ਕੇ ਕਮਰੇ ਅੰਦਰ ਵੜ ਗਏ | ਸੁੱਖੀ ਰਾਮ ਨੇ ਆਪਣੀ ਹੱਥ 'ਚ ਫੜ੍ਹੀ ਹੋਈ ਲੋਹਾ ਪਾਈਪ 'ਤੇ ਜੜੀ ਹੋਈ ਗਰਾਰੀ ਮਾਰ ਦੇਣ ਦੀ ਨਿਯਤ ਨਾਲ ਸੰਦੀਪ ਰਾਮ ਦੇ ਸਿਰ 'ਤੇ ਮਾਰੀ ਅਤੇ ਛੱਜੂ ਰਾਮ ਨੇ ਮਾਰ ਦੇਣ ਦੀ ਨਿਯਤ ਨਾਲ ਕਿਰਪਾਨ ਦਾ ਵਾਰ ਕੀਤਾ, ਜੋ ਸੰਦੀਪ ਰਾਮ ਨੇ ਆਪਣਾ ਬਚਾਅ ਕਰਦੇ ਹੋਏ ਆਪਣਾ ਖੱਬਾ ਹੱਥ ਅੱਗੇ ਘਰ ਲਿਆ | ਜਿਸ ਕਾਰਨ ਉਸ ਦਾ ਅੰਗੂਠਾ ਵੱਢਿਆ ਗਿਆ, ਜੋ ਫਿਰ ਮਨਪ੍ਰੀਤ ਰਾਮ ਨੇ ਟਕੂਏ ਦਾ ਵਾਰ ਸਿਰ 'ਤੇ ਕੀਤਾ | ਜਿਸ ਕਾਰਨ ਮੁੱਦਈ ਦਾ ਲੜਕਾ ਹੇਠਾਂ ਡਿਗ ਪਿਆ ਤੇ ਉਕਤ ਵਿਅਕਤੀਆਂ ਨੇ ਕੁੱਟਮਾਰ ਕੀਤੀ ਅਤੇ ਘਰ ਦੇ ਸਮਾਨ ਦੀ ਭੰਨਤੋੜ ਕਰਕੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ | ਜਦੋਂ ਕਿ ਸੰਦੀਪ ਰਾਮ ਪੀ.ਜੀ.ਆਈ. ਚੰਡੀਗੜ੍ਹ ਦਾਖਲ ਹੈ | ਪੁਲਿਸ ਨੇ ਇਨ੍ਹਾਂ ਬਿਆਨਾਂ ਦੇ ਅਧਾਰ 'ਤੇ ਸੁੱਖੀ ਰਾਮ, ਮਨਪ੍ਰੀਤ ਰਾਮ, ਛੱਜੂ ਰਾਮ, ਮੁਖ਼ਤਿਆਰ ਰਾਮ ਵਾਸੀਆਨ ਫਰਵਾਹੀ ਬਰਨਾਲਾ ਅਤੇ 36 ਦੇ ਕਰੀਬ ਅਣਪਛਾਤਿਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ |