ਪਟਿਆਲਾ, 10 ਮਾਰਚ (ਮਨਦੀਪ ਸਿੰਘ ਖਰੌੜ)-ਵਿਅਕਤੀ ਤੋਂ ਤੰਗ ਆ ਕੇ ਤੇਜ਼ਾਬ ਪੀਣ ਦੇ ਮਾਮਲੇ 'ਚ ਪੀੜਤ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ਤੁਸ਼ਾਰ ਕੁਮਾਰ ਨੇ ਥਾਣਾ ਲਾਹੌਰੀ ਗੇਟ ਵਿਚ ਦਰਜ ਕਰਵਾਈ ਕਿ ਅਮਰਜੀਤ ਸਿੰਘ ਉਸ ਦੇ ਪਿਤਾ ਦੇ ਖਿਲਾਫ ਝੂਠੀਆਂ ਦਰਖਾਸਤਾਂ ਦਿੰਦਾ ਆ ਰਿਹਾ ਸੀ ਜਿਸ ਕਰਕੇ ਉਸ ਦੇ ਪਿਤਾ ਖਿਲਾਫ ਝੂਠੇ ਮੁਕੱਦਮੇ ਵੀ ਦਰਜ ਹੋਏ ਸਨ | ਮੁਲਜ਼ਮ ਅਕਸਰ ਉਨ੍ਹਾਂ ਦੀ ਦੁਕਾਨ ਅੱਗੋਂ ਲੰਘਦਾ ਹੋਇਆ ਉਸ ਦੇ ਪਿਤਾ ਸਤਪਾਲ ਨੂੰ ਭੱਦੀ ਸ਼ਬਦਾਵਲੀ ਬੋਲਦਾ ਸੀ ਜਿਸ ਕਾਰਨ ਉਸ ਦੇ ਪਿਤਾ ਜੀ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਏ ਸਨ | ਇਸੇ ਸਿਲਸਿਲੇ ਤਹਿਤ ਉਕਤ ਮੁਲਜ਼ਮ ਤੋਂ ਤੰਗ ਆ ਕ ਉਸ ਦੇ ਪਿਤਾ ਨੇ ਘਰ ਦੇ ਬਾਹਰ ਗਲੀ ਵਿਚ ਖੜ ਕੇ ਤੇਜ਼ਾਬ ਦੀ ਬੋਤਲ ਪੀ ਲਈ ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਉਸ ਦੇ ਪਿਤਾ ਨੇ ਦੱਸਿਆ ਕਿ ਉਕਤ ਮੁਲਜ਼ਮ ਉਸ ਨੂੰ ਬਹੁਤ ਤੰਗ ਕਰ ਰਿਹਾ ਹੈ | ਬਾਅਦ ਵਿਚ ਉਸ ਦੇ ਪਿਤਾ ਦੀ ਇਲਾਜ ਦੌਰਾਨ ਮੌਤ ਹੋ ਗਈ | ਜਿਸ ਆਧਾਰ ਉੱਤੇ ਪੁਲਿਸ ਨੇ ਮੁਲਜ਼ਮ ਅਮਰਜੀਤ ਸਿੰਘ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |