ਪਟਿਆਲਾ, 2 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਦੇ ਇਕ ਵਿਦਿਆਰਥੀ ਦੇ ਪਰਿਵਾਰ ਵਲੋਂ 30 ਮਾਰਚ ਨੂੰ ਕੁੜੀਆਂ ਦੇ ਬਾਥਰੂਮ ਵਿਚ ਸਕੂਲ ਵਲੋਂ ਲਗਾਏ ਸੀਸੀਟੀਵੀ ਕੈਮਰਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਅਤੇ ਨੈਸ਼ਨਲ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਨੂੰ ਸ਼ਿਕਾਇਤ ਕੀਤੀ ਸੀ | ਜਿਸ ਦੇ ਚੱਲਦਿਆਂ ਇਸ ਮਾਮਲੇ ਦੀ ਜਾਂਚ ਏ.ਡੀ.ਸੀ. (ਜ) ਵਲੋਂ ਡੀਈਓ ਸੈਕੰਡਰੀ ਸੰਜੀਵ ਸ਼ਰਮਾ ਨੂੰ ਸੌਂਪ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਕਤ ਜਾਂਚ ਨੂੰ ਡੀਸੀਪੀਓ ਅਤੇ ਡੀਈਓ ਦੀ ਟੀਮ ਵਲੋਂ ਸਕੂਲ ਦਾ ਦੌਰਾ ਕਰਕੇ ਪੂਰਾ ਕੀਤਾ ਗਿਆ | ਇਸ ਸੰਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਸਕੂਲ ਵਿਚ ਲੱਗੇ ਕੈਮਰਿਆਂ ਸੰਬੰਧੀ ਆਈ ਸ਼ਿਕਾਇਤ 'ਤੇ ਰਿਪੋਰਟ ਬਣਾ ਲਈ ਗਈ ਹੈ ਜਿਸ ਨੂੰ ਉਹ ਉਚ ਅਧਿਕਾਰੀਆਂ ਨੂੰ ਸੌਂਪ ਦੇਣਗੇ | ਬੇਸ਼ੱਕ ਉਕਤ ਮਾਮਲੇ 'ਤੇ ਸਕੂਲ ਦੀ ਪਿ੍ੰਸੀਪਲ ਇੰਦੂ ਸ਼ਰਮਾ ਵਲੋਂ ਸਕੂਲ ਪ੍ਰਬੰਧਨ 'ਤੇ ਲਗਾਏ ਆਰੋਪਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਅਤੇ ਇਹ ਕਿਹਾ ਗਿਆ ਕਿ ਸੀਸੀਟੀਵੀ ਕੈਮਰੇ ਕੁੜੀਆਂ ਦੇ ਬਾਥਰੂਮ ਅੰਦਰ ਨਹੀਂ ਸਗੋਂ ਕਾਮਨ ਏਰੀਆ ਵਿਚ ਲਗਾਏ ਗਏ ਸਨ ਜਿਸ ਨਾਲ ਬੱਚਿਆਂ ਦੀਆਂ ਸ਼ਰਾਰਤਾਂ ਬਾਰੇ ਪਤਾ ਲੱਗ ਸਕੇ ਪ੍ਰੰਤੂ ਇਸ ਨਾਲ ਬੱਚਿਆਂ ਦੀ ਨਿਜਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ | ਇਸ ਮਾਮਲੇ ਵਿਚ ਸ਼ਿਕਾਇਤਕਰਤਾ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੀ ਸਕੂਲ ਦੀ 8ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਉਸ ਵਲੋਂ 27 ਮਾਰਚ ਨੂੰ ਨਤੀਜੇ ਵਾਲੇ ਦਿਨ ਇਕ ਹੋਰ ਵਿਦਿਆਰਥੀ ਵਲੋਂ ਇਕ ਹੋਰ ਵਿਦਿਆਰਥੀ ਵਲੋਂ ਬਾਥਰੂਮ ਵਿਚ ਲੱਗੇ ਸੀਸੀਟੀਵੀ ਕੈਮਰੇ ਬਾਰੇ ਦੱਸਿਆ ਅਤੇ ਉਸ ਦੀ ਵੀਡੀਓ ਅਤੇ ਫੋਟੋ ਵੀ ਦਿਖਾਈ ਗਈ | ਜਿਸ ਤੋਂ ਬਾਅਦ ਮਾਮਲੇ ਨੇ ਤੂਲ ਫੜੀ ਅਤੇ ਹੋਰਨਾਂ ਮਾਪਿਆਂ ਵਲੋਂ ਵੀ ਸਕੂਲ ਪ੍ਰਬੰਧਨ ਦੀ ਇਸ ਹਰਕਤ 'ਤੇ ਰੋਸ ਜ਼ਾਹਿਰ ਕੀਤਾ ਗਿਆ | ਅੱਜ ਜਾਂਚ ਕਰਨ ਪਹੁੰਚੀ ਟੀਮ ਵਲੋਂ ਆਪਣੀ ਦਿੱਤੀ ਰਿਪੋਰਟ ਤੋਂ ਬਾਅਦ ਹੀ ਸੀਨੀਅਰ ਅਧਿਕਾਰੀਆਂ ਵਲੋਂ ਸਕੂਲ 'ਤੇ ਬਣਦੀ ਕਾਰਵਾਈ ਦੀ ਗੱਲ ਸਾਹਮਣੇ ਆ ਰਹੀ ਹੈ | ਹੁਣ ਵੇਖਣਾ ਇਹ ਹੋਵੇਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਣਾਈ ਟੀਮ ਸਕੂਲ ਦੇ ਬਾਥਰੂਮ ਵਿਚ ਲੱਗੇ ਕੈਮਰਿਆਂ 'ਤੇ ਕੀ ਕਾਰਵਾਈ ਕਰੇਗੀ | ਇਸ ਸੰਬੰਧੀ ਸਕੂਲ ਪਿ੍ੰਸੀਪਲ ਇੰਦੂ ਸ਼ਰਮਾ ਦਾ ਕਹਿਣਾ ਹੈ ਕਿ ਆਈ ਜਾਂਚ ਟੀਮ ਵਲੋਂ ਕੈਮਰਾ ਥੋੜ੍ਹਾ ਜਿਹਾ ਅੱਗੇ ਕਰਕੇ ਲਗਾਉਣ ਲਈ ਕਿਹਾ ਅਤੇ ਇਹ ਵੀ ਕਿਹਾ ਹੈ ਕਿ ਤੁਹਾਡਾ ਕੈਮਰਾ ਲਗਾਉਣ ਦਾ ਮੰਤਵ ਗਲਤ ਨਹੀਂ ਹੈ, ਜੇਕਰ ਇਹ ਕੈਮਰੇ ਦੇ ਮੰਤਵ ਨੂੰ ਪਿ੍ੰਸੀਪਲ ਦੇ ਦੱਸਣ ਮੁਤਾਬਿਕ ਜਾਂਚ ਟੀਮ ਨੇ ਸਹੀ ਠਹਿਰਾਇਆ ਹੈ | ਤਾਂ ਕਿ ਜਾਂਚ ਵਿਚ ਟੀਮ ਵਲੋਂ ਸਕੂਲ ਨੂੰ ਵੀ ਸਹੀ ਠਹਿਰਾਇਆ ਜਾਵੇਗਾ? ਪਿ੍ੰਸੀਪਲ ਇੰਦੂ ਸ਼ਰਮਾ ਵਲੋਂ ਇਹ ਕਿਹਾ ਗਿਆ ਕਿ ਸਾਨੂੰ ਕੈਮਰੇ ਲਗਾਉਣ ਲਈ ਮਾਪਿਆਂ ਵਲੋਂ ਹੀ ਆਖਿਆ ਗਿਆ ਸੀ ਪ੍ਰੰਤੂ ਦੂਜੇ ਪਾਸੇ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਜੇਕਰ ਮਾਪਿਆਂ ਨੇ ਕੈਮਰੇ ਲਗਾਉਣ ਲਈ ਆਖਿਆ ਸੀ ਤਾਂ ਉਹ ਮਾਪੇ ਹੁਣ ਕਿਥੇ ਨੇ ਅਤੇ ਕਿਉਂ ਹੁਣ ਇਕ ਹੋਰ ਮਾਪੇ ਵਲੋਂ ਹੀ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਹੈ |