ਕਾਂਗਰਸ ਵਲੋਂ ਐੱਨ. ਐੱਚ. ਆਈ. ਏ. ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਧਰਨਾ
ਅਜੀਤ ਡੈਸਕ
04-04-2026
ਰਾਜਪੁਰਾ, 3 ਅਪ੍ਰੈਲ (ਜੀ.ਪੀ. ਸਿੰਘ)-ਰਾਜਪੁਰਾ ਬਾਈਪਾਸ 'ਤੇ ਉਸਾਰੇ ਜਾ ਰਹੇ ਫਲਾਈ ਓਵਰ ਦੇ ਦੋਵੇਂ ਪਾਸੇ ਦੀਆਂ ਸੜਕਾਂ (ਸਲਿਪ ਰੋਡ), ਜਿੱਥੋਂ ਕਿ ਫਲਾਈ ਓਵਰ ਬੰਦ ਹੋਣ ਕਾਰਨ ਦਿੱਲੀ, ਹਰਿਆਣਾ, ਰਾਜਸਥਾਨ ਤੋਂ ਇਲਾਵਾ ਹੋਰ ਰਾਜਾਂ ਦੇ ਪੰਜਾਬ ਆਉਣ ਵਾਲੇ ਹਜ਼ਾਰਾਂ ਵਾਹਨ ਲੰਘਦੇ ਹਨ, ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀਆਂ ਹਨ, ਜਿਸ ਕਾਰਨ ਦੋਵੇਂ ਪਾਸੇ ਸਾਰਾ ਦਿਨ-ਰਾਤ ਵਾਹਨ ਲੰਘਣ ਕਾਰਨ ਧੂੜ ਮਿੱਟੀ ਉੱਡਦੀ ਰਹਿੰਦੀ ਹੈ, ਜਿਸ ਕਾਰਨ ਸਲਿਪ ਰੋਡ 'ਤੇ ਕਰੀਬ 300 ਦੁਕਾਨਦਾਰ ਬਹੁਤ ਪ੍ਰੇਸ਼ਾਨ ਹਨ ਤੇ ਉਨ੍ਹਾਂ ਨੂੰ ਕਈ ਸਾਹ ਨਾਲ ਸੰਬੰਧਿਤ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਦੁਕਾਨਦਾਰ ਅਤੇ ਰਿਹਾਇਸ਼ੀ ਖੇਤਰ ਦੇ ਲੋਕ ਕਈ ਵਾਰ ਐੱਨ. ਐੱਚ. ਆਈ. ਏ. ਅਤੇ ਸਥਾਨਕ ਪ੍ਰਸ਼ਾਸਨ ਨੂੰ ਮਿਲ ਕੇ ਆਪਣੀ ਪ੍ਰੇਸ਼ਾਨੀ ਦੱਸਦੇ ਹੋਏ ਸੜਕਾਂ ਦਾ ਨਿਰਮਾਣ ਜਲਦੀ ਕਰਨ ਲਈ ਬੇਨਤੀਆਂ ਕਰ ਚੁੱਕੇ ਹਨ | ਇਨ੍ਹਾਂ ਦੁਕਾਨਦਾਰ ਅਤੇ ਰਿਹਾਇਸ਼ੀ ਖੇਤਰਾਂ ਦੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਅੱਜ ਕਾਂਗਰਸ ਪਾਰਟੀ ਦੇ ਸੈਂਕੜੇ ਆਗੂਆਂ ਅਤੇ ਵਰਕਰਾਂ ਨੇ ਐੱਨ.ਐੱਚ.ਆਈ.ਏ. ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ 'ਚ ਧਰਨਾ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪ੍ਰਦਰਸ਼ਨ ਕੀਤਾ | ਇਸ ਮੌਕੇ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਇਸ ਫਲਾਈ ਓਵਰ ਨੂੰ ਬਣਦਿਆਂ 2 ਸਾਲ ਤੋਂ ਵੱਧ ਹੋ ਗਏ ਹਨ ਤੇ ਹਾਈਵੇ ਅਥਾਰਿਟੀ ਲੋਕਾਂ ਦੀ ਪ੍ਰੇਸ਼ਾਨੀ ਨੂੰ ਨਾਂਹ ਦੇਖਦਿਆਂ ਕੰਮ ਨੂੰ ਕਛੂਆ ਛਾਪ ਚਾਲ ਨਾਲ ਬਣਾ ਰਹੀ ਹੈ | ਜਦੋਂ ਕਿ ਹਾਈਵੇ ਅਥਾਰਿਟੀ ਸੜਕਾਂ ਦੇ ਨਵੇਂ ਨਿਰਮਾਣ ਦੇ ਨਾਂਅ 'ਤੇ ਟੋਲ ਪਲਾਜਿਆਂ ਦਾ ਰੇਟ ਹਰ ਸਾਲ ਵਧਾ ਦਿੰਦੀ ਹੈ | ਇਸ ਮੁੱਖ ਕੌਮੀ ਸ਼ਾਹ ਮਾਰਗ 'ਤੇ ਹਜ਼ਾਰਾਂ ਵਾਹਨ ਰੋਜ਼ਾਨਾ ਲੰਘਦੇ ਹਨ ਤੇ ਉੱਡਦੀ ਧੂੜ ਮਿੱਟੀ ਨਾਲ ਦੁਕਾਨਦਾਰਾਂ ਨੂੰ ਬਿਮਾਰੀਆਂ ਦੇ ਕੇ ਜਾਂਦੀ ਹੈ | ਕਈ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਹ ਦੇ ਨਾਲ ਟੀ.ਬੀ. ਵਰਗੀਆਂ ਭਿਆਨਕ ਬਿਮਾਰੀਆਂ ਵੀ ਲੱਗ ਚੁੱਕੀਆਂ ਹਨ | ਜਿਸ 'ਤੇ ਸਥਾਨਕ ਪ੍ਰਸ਼ਾਸਨ ਅਤੇ ਹਾਈਵੇ ਪ੍ਰਸ਼ਾਸਨ ਦੀ ਨੀਂਦ ਖੁੱਲ੍ਹੀ ਤੇ ਥਾਣਾ ਸ਼ਹਿਰੀ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਸੇਵਕ ਸਿੰਘ ਅਤੇ ਹਾਈਵੇ ਅਥਾਰਿਟੀ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਵਲੋਂ 20 ਦਿਨਾਂ ਵਿਚ ਕੰਮ ਪੂਰਾ ਕਰਨ ਦਾ ਭਰੋਸਾ ਦੇਣ ਬਾਅਦ ਕਾਂਗਰਸ ਨੇ ਆਪਣਾ ਧਰਨਾ ਸਮਾਪਤ ਕੀਤਾ | ਇਸ ਮੌਕੇ ਯੂਥ ਕਾਂਗਰਸ ਦੇ ਸਰਕਲ ਪ੍ਰਧਾਨ ਨਵਦੀਪ ਸਿੰਘ ਨਵੀ, ਸਾਬਕਾ ਚੇਅਰਮੈਨ ਮਲਕੀਤ ਸਿੰਘ ਉੱਪਲਹੇੜੀ, ਲਖਮੀਰ ਸਿੰਘ ਲੱਖਾ ਸੌਂਟੀ, ਗੁਰਪ੍ਰੀਤ ਸਿੰਘ ਜੰਡੋਲੀ, ਜਗਵਿੰਦਰ ਕੁਮਾਰ ਜੱਗਾ ਕੋਟਲਾ ਸਮੇਤ ਸੈਂਕੜੇ ਦੁਕਾਨਦਾਰ ਮੌਜੂਦ ਸਨ |