ਰਾਜਪੁਰਾ, 4 ਅਪ੍ਰੈਲ (ਜੀ.ਪੀ. ਸਿੰਘ)-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੁਣੇ ਗਏ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਵਲੋਂ ਬਜਟ ਸੈਸ਼ਨ 'ਚ ਸ਼ਮੂਲੀਅਤ ਲਈ ਮਾਨਯੋਗ ਹਾਈਕੋਰਟ ਵਿਚ ਦਾਇਰ ਕੀਤੀ ਪਟੀਸ਼ਨ ਰੱਦ ਹੋਣ 'ਤੇ ਪਿੰਡ ਪਹਿਰ ਦੇ ਵਸਨੀਕ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਨਿਸ਼ਾਨ ਸਿੰਘ ਸਿੱਧੂ ਇੰਚਾਰਜ ਹਲਕਾ ਘਨੌਰ ਨੇ ਅਫ਼ਸੋਸ ਪ੍ਰਗਟਾਇਆ ਹੈ | ਹਲਕਾ ਇੰਚਾਰਜ ਨਿਸ਼ਾਨ ਸਿੰਘ ਸਿੱਧੂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਜਿਹੜੇ ਕਿ ਲੋਕਤੰਤਰਿਕ ਤਰੀਕੇ ਨਾਲ ਬਹੁਮਤ ਨਾਲ ਚੁਣੇ ਗਏ ਮੈਂਬਰ ਪਾਰਲੀਮਾੈਟ ਹਨ, ਨੂੰ ਕਰੀਬ ਤਿੰਨ ਸਾਲ ਤੋਂ ਐੱਨ.ਐੱਸ.ਏ. ਅਧੀਨ ਡਿਬਰੂਗੜ ਜੇਲ੍ਹ ਵਿਚ ਰੱਖਿਆ ਗਿਆ ਹੈ | ਇਸ ਲਈ ਮੈਂਬਰ ਪਾਰਲੀਮੈਂਟ ਨੂੰ ਸੰਸਦ ਦੇ ਬਜਟ ਸੈਸ਼ਨ 'ਚ ਸ਼ਮੂਲੀਅਤ ਦੀ ਇਜਾਜ਼ਤ ਨਾ ਦੇਣਾ ਬਹੁਤ ਮੰਦਭਾਗੀ ਗੱਲ ਹੈ | ਸਿੱਧੂ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਦੇਸ਼ ਦੀ ਕਾਨੂੰਨੀ ਪ੍ਰਣਾਲੀ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਸੂਬੇ ਅੰਦਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਅਧੀਨ ਸੈਂਕੜਿਆਂ ਦੀ ਗਿਣਤੀ 'ਚ ਨੌਜਵਾਨ ਸ਼ਾਮਿਲ ਹੋ ਰਹੇ ਹਨ ਜਿਸ ਤੋਂ ਡਰਦਿਆਂ ਹੋਇਆਂ ਸੂਬਾ ਅਤੇ ਕੇਂਦਰ ਸਰਕਾਰਾਂ ਵਲੋਂ ਜਾਣ ਬੁਝ ਕੇ ਮੈਂਬਰ ਪਾਰਲੀਮਾੈਟ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਸੰਸਦ ਦੇ ਬਜਟ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ |