ਪਟਿਆਲਾ, 5 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਸਿਵਲ ਇੰਜਨੀਅਰਿੰਗ ਵਿਭਾਗ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ ਸੜਕਾਂ ਦੇ ਨਿਰਮਾਣ ਸਮੇਂ ਵਰਤੀ ਜਾਂਦੀ ਸਮੱਗਰੀ ਨੂੰ ਬਿਹਤਰ ਬਣਾਉਣ ਦੇ ਢੰਗ ਲੱਭੇ ਗਏ ਹਨ | ਇਥੋਪੀਆ ਮੂਲ ਦੇ ਖੋਜਾਰਥੀ ਡਾ. ਅਦਿਸੂ ਆਇਲੇ ਜੇਬੋ ਨੇ ਨਿਗਰਾਨ ਡਾ. ਕੁਨਾਲ ਜੈਨ ਦੀ ਅਗਵਾਈ ਵਿੱਚ ਕੀਤੀ ਖੋਜ ਰਾਹੀਂ ਕਾਲ਼ੀ ਮਿੱਟੀ ਜਾਂ ਭਾਰ ਹੇਠਾਂ ਜ਼ਿਆਦਾ ਦਬਣ ਵਾਲੀ ਮਿੱਟੀ ਵਿੱਚ ਮਿਲਾਈ ਜਾ ਸਕਣ ਵਾਲ਼ੀ ਕੁੱਝ ਅਜਿਹੀ ਵਿਅਰਥ ਸਮਝੀ ਜਾਂਦੀ ਸਮੱਗਰੀ ਬਾਰੇ ਅਹਿਮ ਨੁਕਤੇ ਸਾਹਮਣੇ ਲਿਆਂਦੇ ਹਨ ਜਿਸ ਨਾਲ਼ ਉਸ ਮਿੱਟੀ ਦੀ ਭਾਰ ਚਕਣ ਦੀ ਸਮਰਥਾ ਵਧ ਜਾਂਦੀ ਹੈ | ਡਾ. ਅਦਿਸੂ ਆਇਲੇ ਜੇਬੋ ਨੇ ਦੱਸਿਆ ਕਿ ਇਸ ਖੋਜ ਨੇ ਸੜਕ ਨਿਰਮਾਣ ਅਤੇ ਮਿੱਟੀ ਦੀ ਮਜ਼ਬੂਤੀ ਦੇ ਖੇਤਰ ਵਿਚ ਨਵੇਂ ਰਾਹ ਖੋਲ੍ਹੇ ਹਨ | ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਸਾਹਮਣੇ ਆਇਆ ਕਿ ਕੌਫ਼ੀ ਬੀਨਜ਼ ਤੋਂ ਮਿਲਣ ਵਾਲੀ ਸੁਆਹ, ਝਾਂਵਾਂ ਪੱਥਰ, ਹਲਕਾ ਜਵਾਲਾਮੁਖੀ ਪੱਥਰ ਭਾਵ ਪਿਊਮਸ ਅਤੇ ਕਾਲਾ ਜਵਾਲਾਮੁਖੀ ਮਲਬਾ ਭਾਵ ਸਕਾਰੀਆ ਇਸ ਪੱਖੋਂ ਕਾਰਗਰ ਸਹਾਈ ਸਿੱਧ ਹੋ ਸਕਦੇ ਹਨ | ਕੌਫੀ ਹਸਕ ਐਸ਼ (ਸੀ ਐੱਚ ਏ), ਸਕੋਰੀਆ ਅਤੇ ਪਿਊਮਿਸ ਵਰਗੇ ਬਦਲਵੇਂ ਤੱਤਾਂ ਦੀ ਵਰਤੋਂ ਕਰਕੇ ਕਾਲ਼ੀ ਮਿੱਟੀ ਨੂੰ ਮਜ਼ਬੂਤ ਕਰਨ ਦਾ ਵਿਸਤਿ੍ਤ ਅਧਿਐਨ ਕੀਤਾ ਗਿਆ ਜਿਸ ਵਿੱਚੋਂ ਅਹਿਮ ਨੁਕਤੇ ਸਾਹਮਣੇ ਆਏ |ਉਨ੍ਹਾਂ ਦੱਸਿਆ ਕਿ ਇਸ ਖੋਜ ਨੇ ਸਾਬਤ ਕੀਤਾ ਹੈ ਕਿ ਸੀ ਐੱਚ ਏ ਅਤੇ ਸਕੋਰੀਆ ਵਰਗੇ ਪਦਾਰਥ ਮਿੱਟੀ ਵਿੱਚ ਪੈਂਦੀਆਂ ਤਰੇੜਾਂ ਨੂੰ ਰੋਕਣ ਅਤੇ ਸੜਕਾਂ ਦੀ ਜਕੜਨ ਸਮਰਥਾ (ਇੰਟਰਲੋਕਿੰਗ ਡੈਂਸਟੀ) ਨੂੰ ਵਧਾਉਣ ਵਿਚ ਕਾਰਗਰ ਹਨ | ਉਨ੍ਹਾਂ ਦੱਸਿਆ ਕਿ ਇਹ ਸਮੱਗਰੀ ਉਸ ਦੇ ਮੂਲ ਦੇਸ ਇਥੋਪੀਆ ਵਿੱਚ ਆਮ ਹੀ ਵਿਅਰਥ ਪਈ ਮਿਲਦੀ ਹੈ | ਡਾ. ਕੁਨਾਲ ਜੈਨ ਨੇ ਦੱਸਿਆ ਕਿ ਖੋਜ ਦੌਰਾਨ 'ਅਨਕਨਫਾਈਾਡ ਕੰਪਰੈਸਿਵ ਸਟ੍ਰੈਂਥ' (ਯੂ.ਸੀ.ਐੱਸ.) ਅਤੇ 'ਕੈਲੀਫੋਰਨੀਆ ਬੇਅਰਿੰਗ ਰੇਸ਼ੋ' (ਸੀ.ਬੀ.ਆਰ.) ਰਾਹੀਂ ਮਿੱਟੀ ਦੇ ਵਿਵਹਾਰ ਿੱਚ ਵੱਡੇ ਸੁਧਾਰ ਦਰਜ ਕੀਤੇ ਗਏ | ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ਼ ਆਰਥਿਕ ਅਤੇ ਤਕਨੀਕੀ ਤੌਰ ਤੇ ਲਾਭ ਮਿਲੇਗਾ | ਆਈ.ਆਈ.ਟੀ. ਪੇਵ ਸੌਫ਼ਟਵੇਅਰ ਅਤੇ ਇੰਡੀਅਨ ਰੋਡ ਕਾਂਗਰਸ (ਆਈ. ਆਰ. ਸੀ. 2018) ਦੇ ਮਾਪਦੰਡਾਂ ਅਨੁਸਾਰ ਤਿਆਰ ਕੀਤੇ ਗਏ ਮਾਡਲਾਂ ਨੇ ਸਾਬਤ ਕੀਤਾ ਕਿ ਇਹ ਸਮੱਗਰੀ ਸੜਕ ਨਿਰਮਾਣ ਲਈ ਤਕਨੀਕੀ ਅਤੇ ਆਰਥਿਕ ਪੱਖੋਂ ਬਿਹਤਰ ਹੈ | ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਖੋਜਾਰਥੀ ਅਤੇ ਨਿਗਰਾਨ ਨੂੰ ਇਸ ਖੋਜ ਲਈ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਅਜਿਹੀ ਖੋਜ ਨੂੰ ਉਤਸ਼ਾਹਿਤ ਕਰਦੀ ਹੈ ਜੋ ਸਮਾਜ ਅਤੇ ਦੇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਸਾਰਥਕ ਯੋਗਦਾਨ ਪਾ ਸਕੇ | ਉਨ੍ਹਾਂ ਕਿਹਾ ਕਿ ਇਸ ਖੋਜ ਰਾਹੀਂ ਸੜਕ ਨਿਰਮਾਣ ਲਈ ਲੱਭੇ ਗਏ ਸਸਤੇ ਅਤੇ ਟਿਕਾਊ ਬਦਲਾਅ ਇੰਜਨੀਅਰਿੰਗ ਦੇ ਖੇਤਰ ਵਿਚ ਇਕ ਮੀਲ ਦਾ ਪੱਥਰ ਸਾਬਤ ਹੋਣਗੇ |