ਰਾਜਪੁਰਾ, 8 ਅਪ੍ਰੈਲ (ਰਣਜੀਤ ਸਿੰਘ)-ਹਲਕੇ ਵਿਚ ਹੋ ਰਹੀ ਬੇਮੌਸਮੀ ਬਾਰਸ਼ ਕਾਰਨ ਜਿੱਥੇ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਕਿਸਾਨਾਂ ਦੀ ਪੱਕੀ ਹੋਈ ਕਣਕ ਦੀ ਫ਼ਸਲ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ | ਐਨ ਪੱਕ ਕੇ ਸੋਨੇ ਰੰਗੀ ਕਣਕ ਨੂੰ ਕੰਬਾਈਨਾਂ ਰਾਹੀਂ ਗਹਾਈ ਕਰਨ ਦੀ ਕਿਸਾਨਾਂ ਨੇ ਪੂਰੀ ਤਿਆਰੀ ਕਰ ਲਈ ਸੀ ਪਰ ਬੇਮੌਸਮੀ ਬਾਰਸ਼ ਕਾਰਨ ਖੇਤਾਂ ਵਿਚ ਪਾਣੀ ਖੜ੍ਹ ਜਾਣ ਕਾਰਨ ਕਣਕ ਦੀ ਗਹਾਈ ਵਢਾਈ ਦਾ ਕੰਮ ਪਛੜ ਗਿਆ ਹੈ | ਇਸ ਦੇ ਨਾਲ ਹੀ ਕਣਕ ਵਿਚ ਨਮੀ ਦੀ ਮਾਤਰਾ ਵੱਧ ਜਾਣ ਕਾਰਨ ਮੰਡੀਆਂ ਵਿਚ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਹੋਣ ਦੇ ਆਸਾਰ ਵੱਧ ਗਏ ਹਨ | ਜਾਣਕਾਰੀ ਮੁਤਾਬਿਕ ਕਿਸਾਨਾਂ ਦੀ ਕਣਕ ਦੀ ਫ਼ਸਲ ਐਨ ਪੱਕ ਕੇ ਤਿਆਰ ਹੋਈ ਖੜ੍ਹੀ ਹੈ | ਪਰ ਬੀਤੇ ਕਈ ਦਿਨਾਂ ਤੋਂ ਕੁਦਰਤ ਦੀ ਨਿਗਾਹ ਕਾਫ਼ੀ ਜ਼ਿਆਦਾ ਟੇਢੀ ਹੋਈ ਪਈ ਹੈ | ਬੇਮੌਸਮੀ ਬਾਰਸ਼ ਕਾਰਨ ਕਿਸਾਨਾਂ ਦਾ ਕਾਫ਼ੀ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਵੱਧ ਗਈ ਹੈ | ਕਈਆਂ ਥਾਵਾਂ 'ਤੇ ਕਣਕ ਦੇ ਖੇਤਾਂ ਵਿਚ ਬਾਰਸ਼ ਦਾ ਪਾਣੀ ਖੜ੍ਹ ਗਿਆ ਹੈ ਜਿਸ ਕਾਰਨ ਕਣਕ ਦੀ ਗਹਾਈ ਦਾ ਕੰਮ ਲੇਟ ਹੋ ਸਕਦਾ ਹੈ | ਇਸ ਦੇ ਨਾਲ ਹੀ ਕਣਕ ਦੇ ਦਾਣੇ ਦਾ ਰੰਗ ਵੀ ਬਦਰੰਗ ਹੋਣ ਦੀ ਚਿੰਤਾ ਕਿਸਾਨਾਂ ਦੇ ਅੰਦਰ ਵਧਦੀ ਜਾ ਰਹੀ ਹੈ | ਕਈ ਕਿਸਾਨਾਂ ਦਾ ਕਹਿਣਾ ਹੈ ਕਿ ਬੇਮੌਸਮੀ ਬਾਰਸ਼ ਦੇ ਨਾਲ ਜੇਕਰ ਤੇਜ਼ ਹਵਾ ਵੀ ਚੱਲ ਗਈ ਤਾਂ ਕਣਕ ਦੀ ਫ਼ਸਲ ਧਰਤੀ 'ਤੇ ਵਿਛ ਜਾਵੇਗੀ ਜਿਸ ਕਾਰਨ ਕੰਬਾਈਨ ਨਾਲ ਕਟਾਈ ਕਰਨ ਵਿਚ ਦਿੱਕਤ ਆਵੇਗੀ | ਇਸ ਦੇ ਨਾਲ ਕਣਕ ਦੇ ਝਾੜ ਵਿਚ ਵੀ ਕਮੀ ਆਵੇਗੀ | ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕਣਕ ਦੀ ਬੱਲੀ ਪਾਣੀ ਵਿਚ ਡੁੱਬਦੀ ਹੈ ਜਾਂ ਲੰਬਾ ਸਮਾਂ ਨਮੀ ਰਹਿੰਦੀ ਹੈ ਤਾਂ ਦਾਣੇ ਦਾ ਰੰਗ ਕਾਲਾ ਹੋ ਸਕਦਾ ਹੈ ਅਤੇ ਦਾਣਾ ਸੰੁਗੜ ਕੇ ਹਲਕਾ ਹੋ ਜਾਂਦਾ ਹੈ | ਬੇਮੌਸਮੀ ਬਾਰਸ਼ ਦੇ ਨਾਲ-ਨਾਲ ਹਲਕੇ ਵਿਚ ਕਿਸਾਨਾਂ ਨੂੰ ਗੜਿ੍ਹਆਂ ਦੀ ਚਿੰਤਾ ਵੀ ਸਤਾ ਰਹੀ ਹੈ | ਇਸ ਕੁਦਰਤੀ ਮਾਰ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪੈ ਸਕਦੀ ਹੈ | ਇਕ ਪਾਸ ਕਣਕ ਦਾ ਝਾੜ ਘੱਟ ਸਕਦਾ ਹੈ | ਦੂਜੇ ਬੰਨੇ ਜਦੋਂ ਇਹ ਫ਼ਸਲ ਮੰਡੀਆਂ ਵਿਚ ਜਾਵੇਗੀ ਤਾਂ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਏਜੰਸੀਆਂ ਵਲੋਂ ਕਟੌਤੀ ਜਾਂ ਖ਼ਰੀਦ ਵਿਚ ਦੇਰੀ ਦਾ ਸਾਹਮਣਾ ਵੀ ਕਿਸਾਨਾਂ ਨੰੂ ਕਰਨਾ ਪੈ ਸਕਦਾ ਹੈ | ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕਣਕ ਦੇ ਖੇਤਾਂ ਵਿਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਤਾਂ ਖੜ੍ਹੀ ਫ਼ਸਲ ਦੇ ਦਾਣੇ ਵਿਚ ਕਈ ਵਾਰ ਸਿੱਲ੍ਹ ਕਾਰਨ ਬੱਲੀਆਂ ਵਿਚ ਹੀ ਦਾਣੇ ਉੱਗ ਸਕਦੇ ਹਨ | ਕਿਸਾਨਾਂ ਨੇ ਸੰਪਰਕ ਕਰਨ 'ਤੇ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਦੀ ਸਾਲ ਭਰ ਦੀ ਕਮਾਈ ਹੈ | ਕਿਸਾਨਾਂ ਨੂੰ ਕਾਫ਼ੀ ਵੱਡੀ ਆਰਥਿਕ ਸੱਟ ਵੱਜ ਸਕਦੀ ਹੈ | ਕਣਕ ਦੀ ਫ਼ਸਲ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਹੈ | ਕਈ ਕਿਸਾਨਾਂ ਨੇ ਦੀ ਫ਼ਸਲ ਲਈ ਖਾਦ, ਬੀਜ, ਲੇਬਰ, ਡੀਜ਼ਲ, ਬੱਚਿਆਂ ਦੀ ਫ਼ੀਸਾਂ, ਘਰ ਦਾ ਹੋਰ ਖ਼ਰਚੇ, ਵਿਆਹ ਸ਼ਾਦੀਆਂ ਸਾਰੇ ਖ਼ਰਚੇ ਇਸ ਸੋਨੇ ਰੰਗੀ ਫ਼ਸਲ ਦੇ ਸਿਰ 'ਤੇ ਹੀ ਕਰਨੇ ਹੁੰਦੇ ਹਨ |