ਪਟਿਆਲਾ, 10 ਅਪ੍ਰੈਲ (ਅ.ਸ. ਆਹਲੂਵਾਲੀਆ)-ਹਲਕਾ ਸਮਾਣਾ ਦੇ ਕਿਸਾਨਾਂ ਅਤੇ ਪਿੰਡ ਵਾਸੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਅੱਜ ਪੂਰੀ ਹੋ ਗਈ ਹੈ | ਹਾਂਸੀ-ਬੁਟਾਣਾ ਨਹਿਰ ਵਿਚ ਘੱਗਰ ਦਰਿਆ ਦੇ ਪਾਣੀ ਕਾਰਨ ਲੱਗਣ ਵਾਲੀ ਡਾਫ ਅਤੇ ਨਹਿਰ ਦੀ ਸਫ਼ਾਈ ਨਾ ਹੋਣ ਕਾਰਨ ਪੈਦਾ ਹੋਣ ਵਾਲੀ ਹੜ੍ਹ ਦੀ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ, ਹਰਿਆਣਾ ਸਰਕਾਰ ਵਲੋਂ ਨਹਿਰ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਦੱਸਿਆ ਕਿ ਹਾਂਸੀ-ਬੁਟਾਣਾ ਨਹਿਰ ਦੀ ਸਫ਼ਾਈ ਨਾ ਹੋਣ ਕਾਰਨ ਹਰ ਸਾਲ ਮਾਨਸੂਨ ਦੌਰਾਨ ਦਰਜਨਾਂ ਪਿੰਡਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆ ਕੇ ਬਰਬਾਦ ਹੋ ਜਾਂਦੀ ਸੀ | ਉਨ੍ਹਾਂ ਕਿਹਾ, ਪਿੰਡ ਵਾਸੀਆਂ ਨੇ ਇਸ ਸਬੰਧੀ ਲੰਬਾ ਸੰਘਰਸ਼ ਲੜਿਆ ਅਤੇ ਅਸੀਂ ਲਗਾਤਾਰ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਕੇਂਦਰ ਸਰਕਾਰ ਦੇ ਸੰਬੰਧਤ ਮੰਤਰਾਲਿਆਂ ਅਤੇ ਹਰਿਆਣਾ ਸਰਕਾਰ ਤੱਕ ਪਹੁੰਚ ਕੀਤੀ ਸੀ | ਪ੍ਰਨੀਤ ਕੌਰ ਨੇ ਸਮੂਹ ਪਿੰਡ ਵਾਸੀਆਂ ਨੂੰ ਇਸ ਜਿੱਤ ਲਈ ਵਧਾਈ ਦਿੰਦਿਆਂ ਮੁੜ ਦੁਹਰਾਇਆ ਕਿ ਉਹ ਆਪਣੇ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਹਮੇਸ਼ਾ ਤਤਪਰ ਰਹਿਣਗੇ¢