ਦੇਵੀਗੜ੍ਹ, 10 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਆਮ ਆਦਮੀ ਪਾਰਟੀ ਦੇ ਐਸ.ਸੀ. ਵਿੰਗ ਦੇ ਸੂਬਾ ਸਕੱਤਰ ਅਮਰੀਕ ਸਿੰਘ ਬੰਗਰ ਵਲੋਂ ਅੱਜ ਪਿੰਡ ਕਛਵਾ ਵਿਖੇ ਪਿੰਡ ਵਾਸੀਆਂ ਨਾਲ ਇਕ ਅਹਿਮ ਬੈਠਕ ਕੀਤੀ ਗਈ | ਇਸ ਮੀਟਿੰਗ ਦਾ ਮੁੱਖ ਉਦੇਸ਼ ਐਸ.ਸੀ. (ਅਨੁਸੂਚਿਤ ਜਾਤੀ) ਸਮਾਜ ਦੇ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ-ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਸੀ | ਬੈਠਕ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਅਮਰੀਕ ਸਿੰਘ ਬੰਗਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਮਾਜ ਦੇ ਹਰ ਪਛੜੇ ਅਤੇ ਲੋੜਵੰਦ ਵਰਗ ਦੀ ਬਾਂਹ ਫੜ ਰਹੀ ਹੈ | ਉਨ੍ਹਾਂ ਨੇ ਖਾਸ ਤੌਰ 'ਤੇ ਐਸ.ਸੀ. ਭਾਈਚਾਰੇ ਲਈ ਉਪਲਬਧ ਸਕੀਮਾਂ ਜਿਵੇਂ ਕਿ 600 ਯੂਨਿਟ ਮੁਫ਼ਤ ਬਿਜਲੀ ਦਾ ਲਾਭ | ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਉਚੇਰੀ ਸਿੱਖਿਆ ਅਤੇ ਪੋਸਟ-ਮੈਟਿ੍ਕ ਸਕਾਲਰਸ਼ਿਪ | ਆਮ ਆਦਮੀ ਕਲੀਨਿਕਾਂ ਰਾਹੀਂ ਮਿਲ ਰਿਹਾ ਮੁਫ਼ਤ ਇਲਾਜ ਅਤੇ ਦਵਾਈਆਂ ਅਤੇ ਸਮਾਜਿਕ ਸੁਰੱਖਿਆ ਤਹਿਤ ਮਿਲਣ ਵਾਲੀ ਵਿੱਤੀ ਸਹਾਇਤਾ ਵਿਚ ਲਿਆਂਦੀ ਪਾਰਦਰਸ਼ਤਾ | ਅਮਰੀਕ ਸਿੰਘ ਬੰਗਰ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਸਮੇਂ ਸਰਕਾਰੀ ਸਹੂਲਤਾਂ ਸਿਰਫ਼ ਕਾਗਜ਼ਾਂ ਤੱਕ ਸੀਮਤ ਰਹਿੰਦੀਆਂ ਸਨ ਜਾਂ ਵਿਚੋਲੇ ਖਾ ਜਾਂਦੇ ਸਨ | ਪਰ ਹੁਣ 'ਆਪ' ਸਰਕਾਰ ਨੇ ਸਿਸਟਮ ਨੂੰ ਇੰਨਾ ਸਰਲ ਬਣਾ ਦਿੱਤਾ ਹੈ ਕਿ ਯੋਗ ਲਾਭਪਾਤਰੀਆਂ ਨੂੰ ਉਨ੍ਹਾਂ ਦਾ ਹੱਕ ਸਿੱਧਾ ਮਿਲ ਰਿਹਾ ਹੈ | ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਾਗਰੂਕ ਹੋਣ | ਇਸ ਦੌਰਾਨ ਪਿੰਡ ਵਾਸੀਆਂ ਨੇ ਗਲੀਆਂ-ਨਾਲੀਆਂ, ਪੀਣ ਵਾਲੇ ਸਾਫ਼ ਪਾਣੀ ਅਤੇ ਹੋਰ ਸਥਾਨਕ ਸਮੱਸਿਆਵਾਂ ਬਾਰੇ ਬੰਗਰ ਨੂੰ ਜਾਣੂੰ ਕਰਵਾਇਆ | ਸੂਬਾ ਸਕੱਤਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਨ੍ਹਾਂ ਮਸਲਿਆਂ ਨੂੰ ਸਬੰਧਤ ਵਿਭਾਗਾਂ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਜਲਦ ਹੱਲ ਕਰਵਾਉਣਗੇ | ਉਨ੍ਹਾਂ ਕਿਹਾ ਕਿ ਪਿੰਡਾਂ ਦਾ ਵਿਕਾਸ ਹੀ ਸਰਕਾਰ ਦੀ ਅਸਲ ਤਰਜੀਹ ਹੈ ਅਤੇ ਸਰਕਾਰੀ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਬੈਠਕ ਦੇ ਅਖੀਰ ਵਿੱਚ ਪਿੰਡ ਵਾਸੀਆਂ ਨੇ ਅਮਰੀਕ ਸਿੰਘ ਬੰਗਰ ਦਾ ਧੰਨਵਾਦ ਕੀਤਾ ਅਤੇ ਸਰਕਾਰ ਦੀਆਂ ਨੀਤੀਆਂ 'ਤੇ ਤਸੱਲੀ ਪ੍ਰਗਟਾਈ | ਇਸ ਮੌਕੇ ਸਰਪੰਚ ਮਨਪ੍ਰੀਤ ਕੌਰ, ਰਣਜੀਤ ਸਿੰਘ ਸਰਪੰਚ, ਸੁਰਿੰਦਰ ਸਿੰਘ ਤਾਲਿਬ, ਸਵਰਨ ਸਿੰਘ ਸਿੱਧੂ, ਮੀਹਾਂ ਸਿੰਘ, ਸੁਰਿੰਦਰ ਸਿੰਘ ਕਛਵਾ, ਹਰਦੀਪ ਸਿੰਘ ਮੈਂਬਰ ਪੰਚਾਇਤ, ਸਰੂਪ ਸਿੰਘ, ਅੰਗਰੇਜ਼ ਕੌਰ, ਸੁਖਵਿੰਦਰ ਕੌਰ ਬਲਜਿੰਦਰ ਕੌਰ ਅਤੇ ਪਾਲ ਕੌਰ ਹਾਜ਼ਰ ਸਨ |