ਪਟਿਆਲਾ, 12 ਅਪ੍ਰੈਲ (ਮਨਦੀਪ ਸਿੰਘ ਖਰੌੜ)-ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਐਤਵਾਰ ਨੂੰ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ ਕਰਕੇ ਰਬੀ ਮਾਰਕੀਟਿੰਗ ਸੀਜ਼ਨ ਦੌਰਾਨ ਚੱਲ ਰਹੇ ਕਣਕ ਖ਼ਰੀਦ ਕਾਰਜਾਂ ਦਾ ਜਾਇਜ਼ਾ ਲਿਆ | ਸਿਹਤ ਮੰਤਰੀ ਨੇ ਸਰਹਿੰਦ ਰੋਡ, ਪਿੰਡ ਲੰਗ, ਬਖਸ਼ੀਵਾਲ, ਲੌਟ ਅਤੇ ਮੰਡੌੜ ਸਥਿਤ ਅਨਾਜ ਮੰਡੀਆਂ ਦਾ ਦੌਰਾ ਕੀਤਾ ਅਤੇ ਕਣਕ ਦੀ ਫ਼ਸਲ ਮੰਡੀਆਂ 'ਚ ਲਿਆਉਣ ਵਾਲੇ ਕਿਸਾਨਾਂ ਸਮੇਤ ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਕਰਕੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲਿਆ | ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੰਡੀਆਂ 'ਚ ਕਿਸਾਨਾਂ ਵਲੋਂ ਲਿਆਂਦੇ ਗਏ ਕਣਕ ਦੇ ਇਕ-ਇਕ ਦਾਣੇ ਦੀ ਖ਼ਰੀਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਰਾਜਸਥਾਨ ਦੀ ਤਰਜ਼ 'ਤੇ ਖ਼ਰਾਬ ਮੌਸਮ ਕਰਕੇ ਨੁਕਸਾਨੀ ਪੰਜਾਬ ਦੀ ਕਣਕ ਦੀ ਫ਼ਸਲ ਲਈ ਵੀ ਤੁਰੰਤ ਰਾਹਤ ਪ੍ਰਦਾਨ ਕਰਦੀ | ਉਨ੍ਹਾਂ ਕਿਹਾ ਕਿ ਪਰ ਹੁਣ ਪੰਜਾਬ ਸਰਕਾਰ ਵਲੋਂ ਜੋਰ ਪਾਉਣ 'ਤੇ ਕੇਂਦਰੀ ਟੀਮ ਖ਼ਰਾਬ ਫ਼ਸਲ ਦਾ ਜਾਇਜ਼ਾ ਲੈਣ ਆਈ ਹੈ, ਤੇ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਨੂੰ ਵੀ ਬਣਦੀ ਰਾਹਤ ਮਿਲੇਗੀ | ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿਚ ਕੇਂਦਰੀ ਉਪਭੋਗਤਾ ਮਾਮਲੇ, ਖਾਦ ਅਤੇ ਜਨਤਕ ਵੰਡ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਮੁਲਾਕਾਤ ਕਰਕੇ ਪੰਜਾਬ ਨਾਲ ਸੰਬੰਧਿਤ ਅਹਿਮ ਮਸਲੇ ਉਠਾਏ ਹਨ | ਇਨ੍ਹਾਂ ਵਿਚ ਕੈਸ਼ ਕਰੈਡਿਟ ਲਿਮਿਟ 'ਤੇ ਵੱਧ ਵਿਆਜ ਦਰਾਂ, ਰੂਰਲ ਡਿਵੈਲਪਮੈਂਟ ਫ਼ੰਡ ਦੀ ਲਗਭਗ 9,000 ਕਰੋੜ ਰੁਪਏ ਦੀ ਬਕਾਇਆ ਰਕਮ, ਭਾਰੀ ਮੀਂਹ ਅਤੇ ਔਲ਼ੇ ਪੈਣ ਨਾਲ ਨੁਕਸਾਨੀ ਫ਼ਸਲ ਲਈ ਮੁਆਵਜ਼ਾ ਅਤੇ ਆੜ੍ਹਤੀਆਂ ਦੀਆਂ ਲੰਬਿਤ ਮੰਗਾਂ ਸ਼ਾਮਲ ਹਨ | ਡਾ. ਬਲਬੀਰ ਸਿੰਘ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਨੇ ਖ਼ਰੀਦ ਮਾਪਦੰਡਾਂ ਵਿੱਚ ਢਿੱਲ ਦੇ ਮਾਮਲੇ 'ਚ ਕੇਂਦਰ ਸਰਕਾਰ ਦੇ ਭੇਦਭਾਵਪੂਰਨ ਰਵੱਈਏ 'ਤੇ ਵੀ ਚਿੰਤਾ ਜਤਾਈ ਹੈ | ਉਨ੍ਹਾਂ ਕਿਹਾ ਕਿ ਜਿੱਥੇ ਰਾਜਸਥਾਨ ਨੂੰ ਸੁੰਗੜੇ ਹੋਏ ਦਾਣਿਆਂ ਲਈ ਰਾਹਤ ਦਿੱਤੀ ਗਈ, ਉੱਥੇ ਪੰਜਾਬ ਵਿੱਚ ਵੀ ਬੇਮੌਸਮੀ ਬਾਰਸ਼ ਅਤੇ ਤੇਜ ਹਵਾਵਾਂ ਕਾਰਨ ਫ਼ਸਲ ਨੂੰ ਨੁਕਸਾਨ ਹੋਇਆ, ਪਰ ਸ਼ੁਰੂ ਵਿੱਚ ਇਹ ਰਾਹਤ ਨਹੀਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜੋਰ ਪਾਉਣ 'ਤੇ ਹੀ ਕੇਂਦਰੀ ਟੀਮ ਭੇਜੀ ਗਈ ਹੈ | ਕੇਂਦਰ ਸਰਕਾਰ ਦੀ ਇਸ ਨੀਤੀ ਦੀ ਆਲੋਚਨਾ ਕਰਦੇ ਹੋਏ ਡਾ. ਬਲਬੀਰ ਸਿੰਘ ਨੇ ਦੁਹਰਾਇਆ ਕਿ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਭਗਵੰਤ ਮਾਨ ਸਰਕਾਰ ਮੰਡੀਆਂ 'ਚ ਕਣਕ ਦੀ ਸੁਚਾਰੂ ਖ਼ਰੀਦ ਅਤੇ ਲਿਫ਼ਟਿੰਗ ਯਕੀਨੀ ਬਣਾਉਣ ਅਤੇ ਕਿਸਾਨਾਂ ਦੇ ਇਕ-ਇਕ ਦਾਣੇ ਦੀ ਖ਼ਰੀਦ ਲਈ ਦਿ੍ੜ ਸੰਕਲਪ ਹੈ | ਇਸ ਮੌਕੇ ਸੁਰੇਸ਼ ਰਾਏ, ਪਟਿਆਲਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਸਤਵਿੰਦਰ ਸਿੰਘ ਸੈਣੀ, ਏ.ਐਫ.ਐਸ.ਓ. ਮਨੀਸ਼ ਕੁਮਾਰ, ਜ਼ਿਲ੍ਹਾ ਪਰਿਸ਼ਦ ਮੈਂਬਰ ਪਿ੍ਤਪਾਲ ਸਿੰਘ ਲਚਕਾਣੀ, ਬਾਬਾ ਬਲਦੇਵ ਸਿੰਘ ਲੰਗ, ਮੇਵਾ ਸਿੰਘ, ਕਰਨ ਪੂਨੀਆ, ਹਰਪ੍ਰੀਤ ਸਿੰਘ, ਬੇਅੰਤ ਸਿੰਘ, ਸਤਵਿੰਦਰ ਸਿੰਘ ਮੰਡੌੜ, ਰਿੰਕੂ ਮੰਡੌੜ, ਬਲਕਾਰ ਸਿੰਘ ਸਰਪੰਚ ਲੌਟ, ਕਿਸਾਨ ਤੇ ਹੋਰ ਪਤਵੰਤੇ ਹਾਜ਼ਰ ਸਨ |