ਭਾਦਸੋਂ, 13 ਅਪ੍ਰੈਲ (ਪ੍ਰਦੀਪ ਦੰਦਰਾਲਾ)-ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅਨਾਜ ਮੰਡੀ ਲੌਟ ਵਿਖੇ ਕਣਕ ਦੀ ਫ਼ਸਲ ਦਾ ਕਿਸਾਨਾਂ ਸਮੇਤ ਆੜ੍ਹਤੀਆ ਅਤੇ ਮਜਦੂਰਾਂ ਨਾਲ ਫ਼ਸਲ ਦੀ ਖ਼ਰੀਦ ਦਾ ਜਾਇਜ਼ਾ ਲਿਆ | ਇਸ ਸਮੇਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੰਡੀਆਂ 'ਚ ਕਿਸਾਨਾਂ ਵਲੋਂ ਲਿਆਂਦੀ ਗਈ ਕਣਕ ਦਾ ਇਕ-ਇਕ ਦਾਣੇ ਦੀ ਖ਼ਰੀਦਿਆ ਜਾਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਰਾਜਸਥਾਨ ਦੀ ਤਰਜ਼ 'ਤੇ ਖ਼ਰਾਬ ਮੌਸਮ ਕਰਕੇ ਨੁਕਸਾਨੀ ਪੰਜਾਬ ਦੀ ਕਣਕ ਦੀ ਫ਼ਸਲ ਲਈ ਵੀ ਤੁਰੰਤ ਰਾਹਤ ਪ੍ਰਦਾਨ ਕਰਦੀ | ਉਨ੍ਹਾਂ ਕਿਹਾ ਕਿ ਪਰ ਹੁਣ ਪੰਜਾਬ ਸਰਕਾਰ ਵਲੋਂ ਜੋਰ ਪਾਉਣ 'ਤੇ ਕੇਂਦਰੀ ਟੀਮ ਖ਼ਰਾਬ ਫ਼ਸਲ ਦਾ ਜਾਇਜ਼ਾ ਲੈਣ ਆਈ ਹੈ, ਤੇ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਨੂੰ ਵੀ ਬਣਦੀ ਰਾਹਤ ਮਿਲੇਗੀ | ਡਾ. ਬਲਬੀਰ ਸਿੰਘ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਨੇ ਖ਼ਰੀਦ ਮਾਪਦੰਡਾਂ ਵਿਚ ਢਿੱਲ ਦੇ ਮਾਮਲੇ 'ਚ ਕੇਂਦਰ ਸਰਕਾਰ ਦੇ ਭੇਦਭਾਵਪੂਰਨ ਰਵੱਈਏ 'ਤੇ ਵੀ ਚਿੰਤਾ ਜਤਾਈ ਹੈ | ਉਨ੍ਹਾਂ ਕਿਹਾ ਕਿ ਜਿੱਥੇ ਰਾਜਸਥਾਨ ਨੂੰ ਸੁੰਗੜੇ ਹੋਏ ਦਾਣਿਆਂ ਲਈ ਰਾਹਤ ਦਿੱਤੀ ਗਈ, ਉੱਥੇ ਪੰਜਾਬ ਵਿਚ ਵੀ ਬੇਮੌਸਮੀ ਬਾਰਸ਼ ਅਤੇ ਤੇਜ ਹਵਾਵਾਂ ਕਾਰਨ ਫ਼ਸਲ ਨੂੰ ਨੁਕਸਾਨ ਹੋਇਆ ਪਰ ਸ਼ੁਰੂ ਵਿਚ ਇਹ ਰਾਹਤ ਨਹੀਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜੋਰ ਪਾਉਣ 'ਤੇ ਹੀ ਕੇਂਦਰੀ ਟੀਮ ਭੇਜੀ ਗਈ ਹੈ | ਕੇਂਦਰ ਸਰਕਾਰ ਦੀ ਇਸ ਨੀਤੀ ਦੀ ਆਲੋਚਨਾ ਕਰਦੇ ਹੋਏ ਡਾ. ਬਲਬੀਰ ਸਿੰਘ ਨੇ ਦੁਹਰਾਇਆ ਕਿ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਸਰਕਾਰ ਮੰਡੀਆਂ ਵਿਚ ਕਣਕ ਦੀ ਸੁਚਾਰੂ ਖ਼ਰੀਦ ਅਤੇ ਲਿਫ਼ਟਿੰਗ ਯਕੀਨੀ ਬਣਾਉਣ ਅਤੇ ਕਿਸਾਨਾਂ ਦੇ ਇਕ-ਇਕ ਦਾਣੇ ਦੀ ਖ਼ਰੀਦ ਲਈ ਦਿ੍ੜ ਸੰਕਲਪ ਹੈ | ਇਸ ਮੌਕੇ ਹਰਪ੍ਰੀਤ ਸਿੰਘ ਭੰਗੂ ਸਰਪੰਚ, ਪਵਨ ਘਈ ਪ੍ਰਧਾਨ, ਮਨੀਸ਼ ਕੁਮਾਰ ਏ.ਐਫ.ਐਸ.ਓ.,ਐਡਵੋਕੇਟ ਮਨਪ੍ਰੀਤ ਸਿੰਘ ਪੀ.ਏ., ਸਰਪੰਚ ਬੇਅੰਤ ਸਿੰਘ ਖਰੌੜ, ਸਰਪੰਚ ਪਿ੍ਤਪਾਲ ਸਿੰਘ ਲਚਕਾਣੀ, ਕਰਨੈਲ ਸਿੰਘ ਆਲੋਵਾਲ, ਸੁਰਜੀਤ ਸਿੰਘ ਲੌਟ ਸਾ. ਪ੍ਰਧਾਨ, ਸਰਪੰਚ ਧਰਮਜੀਤ ਸਿੰਘ ਆਲੋਵਾਲ, ਡਾ. ਰਾਮ ਸਿੰਘ ਆਲੋਵਾਲ, ਸਰਪੰਚ ਬਲਕਾਰ ਸਿੰਘ ਲੌਟ, ਸਤਨਾਮ ਸਿੰਘ ਧਨੌਰਾ,ਬਿੱਕਾ ਬੱਤਾ 'ਆਪ' ਆਗੂ, ਕਰਨ ਪੂਨੀਆ, ਬਹਾਦਰ ਸਿੰਘ, ਸਲਿੰਦਰ ਸਿੰਘ, ਗੁਰਪ੍ਰੀਤ ਸਿੰਘ ਮਾਣਾ, ਸੰਦੀਪ ਸਿੰਘ ਕਾਲਾ, ਮਨਜੀਤ ਸਿੰਘ ਕਿਸਾਨ ਤੇ ਹੋਰ ਹਾਜ਼ਰ ਸਨ |