12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਨਾਭਾ ਮੰਡੀ 'ਚ ਲੱਗੇ ਕਣਕ ਦੀਆਂ ਢੇਰੀਆਂ ਦੇ ਅੰਬਾਰ, ਨਹੀਂ ਹੋ ਰਹੀ ਕਣਕ ਦੀ ਖ਼ਰੀਦ

Ad Position 21
No active advertisement
ਅਜੀਤ ਡੈਸਕ 15-04-2026
ਨਾਭਾ, 14 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਜਿੱਥੇ ਪਿਛਲੇ ਕਈ ਦਿਨਾਂ ਤੋਂ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਪੰਜਾਬ ਦਾ ਕਿਸਾਨ ਕੁਦਰਤੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ ਉੱਥੇ ਪੰਜਾਬ ਦੀ ਮੰਡੀਆਂ ਵਿਚ ਦੇਸ ਦਾ ਢਿੱਡ ਭਰਨ ਵਾਲਾ ਕਿਸਾਨ ਪਿਛਲੇ 13 ਦਿਨ ਤੋਂ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਵੇਚਣ ਦੀ ਉਡੀਕ ਕਰ ਰਿਹਾ ਹੈ | ਇਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਸਰਕਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ | ਜਿਸ ਦਾ ਰਸਮੀ ਉਦਘਾਟਨ ਵੀ ਮੰਡੀਆਂ ਵਿਚ ਸੱਤਾਧਾਰੀ ਪਾਰਟੀ ਦੇ ਵਿਧਾਇਕ ਕਰਦੇ ਨਜ਼ਰ ਆਏ ਸਨ, ਦੇ ਬਾਵਜੂਦ ਹਕੀਕਤ ਵਿਚ ਕਿਸਾਨ ਮੰਡੀਆਂ 'ਚ ਰੁਲ ਰਿਹਾ ਹੈ, ਕਿਉਂਕਿ ਨਾ ਤਾਂ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਬਾਂਹ ਫੜੀ ਅਤੇ ਨਾ ਹੀ ਪੰਜਾਬ ਸਰਕਾਰ ਨੇ | ਏਸ਼ੀਆ ਦੀ ਦੂਜੇ ਨੰਬਰ 'ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਵਿਚ ਕਿਸਾਨ ਰਾਤਾਂ ਨੂੰ ਮੰਡੀਆਂ ਵਿਚ ਆਪਣੀ ਫ਼ਸਲ ਦੀ ਰਾਖੀ ਕਰ ਰਿਹਾ ਹੈ ਕਿਉਂ ਜੋ ਉਸ ਦੀ ਫ਼ਸਲ ਨੂੰ ਖ਼ਰੀਦਣ ਵਾਲਾ ਕੋਈ ਨਹੀਂ ਹੈ | ਮੰਡੀ ਵਿਚ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਰਾਤਾਂ ਨੂੰ ਮੱਛਰਾਂ ਤੋਂ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਮੱਛਰ ਉਨ੍ਹਾਂ ਵੱਢ-ਵੱਢ ਖਾ ਰਿਹਾ ਹੈ, ਕਈ ਕਿਸਾਨਾਂ ਨੇ ਤਾਂ ਮੱਛਰਾਂ ਤੋਂ ਬਚਣ ਲਈ ਮੱਛਰਦਾਨੀ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਮੱਛਰ ਨੂੰ ਭਜਾਉਣ ਵਾਲੀ ਕਰੀਮ ਵੀ ਕਿਸਾਨ ਆਪਣੇ ਸਰੀਰ 'ਤੇ ਲਗਾ ਰਹੇ ਹਨ ਇਸ ਸਭ ਦੇ ਬਾਵਜੂਦ ਮੱਛਰਾਂ ਨੇ ਕਿਸਾਨਾਂ ਦੀ ਨੀਂਦ ਉਡਾ ਰੱਖੀ ਹੈ | ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਕੋਈ ਅਧਿਕਾਰੀ ਮੰਡੀ ਵਿਚ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ | ਕਿਸਾਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਪਿਛਲੇ ਛੇ-ਸੱਤ ਦਿਨ ਤੋਂ ਉਹ ਮੰਡੀਆਂ ਵਿਚ ਮੁਸ਼ਕਿਲ ਨਾਲ ਆਪਣੀ ਰਾਤਾਂ ਗੁਜ਼ਾਰ ਰਹੇ ਹਨ ਕਿਉਂਕਿ ਹਾਲੇ ਤੱਕ ਸਰਕਾਰੀ ਖ਼ਰੀਦ ਨਾਭਾ ਅਨਾਜ ਮੰਡੀ ਵਿਚ ਸ਼ੁਰੂ ਹੀ ਨਹੀਂ ਹੋਈ | ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀਆਂ ਖ਼ਰੀਦ ਏਜੰਸੀਆਂ ਤੋਂ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਕਰਵਾਏ ਪਰ ਮੰਡੀ ਵਿਚ ਉਨ੍ਹਾਂ ਦੀ ਫ਼ਸਲ ਨੂੰ ਕੋਈ ਖ਼ਰੀਦਣ ਵਾਲਾ ਨਹੀਂ ਨਾ ਹੀ ਸਰਕਾਰ ਦਾ ਕੋਈ ਨੁਮਾਇੰਦਾ ਉਨ੍ਹਾਂ ਦਾ ਹਾਲ ਪੁੱਛਣ ਮੰਡੀ ਵਿਚ ਪਹੁੰਚਿਆ ਹੈ |
-ਕੀ ਕਹਿਣਾ ਹੈ ਮਾਰਕੀਟ ਕਮੇਟੀ ਦੇ ਸਕੱਤਰ ਦਾ
ਜਦੋਂ ਕਿਸਾਨਾਂ ਦੀ ਮੰਡੀ ਵਿਚ ਇਸ ਤਰਸਯੋਗ ਹਾਲਤ ਸੰਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਅਮਿਤ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਾਭਾ ਦੀ ਮੁੱਖ ਮੰਡੀ ਮਾਰਕੀਟ ਕਮੇਟੀ ਅਧੀਨ ਪੈਂਦੇ ਖ਼ਰੀਦ ਕੇਂਦਰਾਂ ਵਿਚ 3300 ਐਮ.ਟੀ. ਦੇ ਕਰੀਬ ਕਣਕ ਦੀ ਫ਼ਸਲ ਆ ਚੁੱਕੀ ਹੈ, ਜਿਸ ਵਿਚੋਂ ਸਿਰਫ 350 ਐਮ.ਟੀ. ਕਣਕ ਦੀ ਸਰਕਾਰੀ ਖ਼ਰੀਦ ਹੋਈ ਹੈ | ਉਨ੍ਹਾਂ ਕਿਹਾ ਕਿ ਉਹ ਮੰਡੀ ਵਿਚ ਅੱਜ ਤੋਂ ਫੋਗਿੰਗ ਵੀ ਸ਼ੁਰੂ ਕਰ ਰਹੇ ਹਨ ਤਾਂ ਜੋ ਕਿਸਾਨਾਂ ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਮੱਛਰਾਂ ਤੋਂ ਬਚਾਇਆ ਜਾ ਸਕੇ | ਉਨ੍ਹਾਂ ਇਹ ਵੀ ਕਿਹਾ ਕਿ ਜੋ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਕਣਕ ਦੀ ਖ਼ਰੀਦ ਕੀਤੀ ਗਈ ਹੈ ਉਹ 12 ਫ਼ੀਸਦੀ ਨਮੀ ਤੋਂ ਘੱਟ ਵਾਲੀ ਹੀ ਕਣਕ ਖਰੀਦੀ ਗਈ ਹੈ |
ਹੁਣ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਕਿਸਾਨਾਂ ਦੇ ਹਿਤ ਵਿਚ ਕਦੋਂ ਫ਼ੈਸਲਾ ਲੈਂਦੀ ਹੈ ਜਾਂ ਫਿਰ ਦੇਸ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਸਾਨ ਇਸੇ ਤਰ੍ਹਾਂ ਕੁਦਰਤੀ ਆਫ਼ਤਾਂ ਦੇ ਨਾਲ-ਨਾਲ ਸਰਕਾਰਾਂ ਦੀਆਂ ਅਣਗਹਿਲੀਆਂ ਦਾ ਸ਼ਿਕਾਰ ਹੁੰਦਾ ਰਹੇਗਾ ਇਹ ਤਾਂ ਆਉਣ ਵਾਲਾ ਸਮੇਂ ਦੱਸੇਗਾ |
Ad Position 22
No active advertisement
ਪਿਛਲੀ ਖ਼ਬਰ ਸੀਟੂ ਵਲੋਂ ਡਾ. ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ
Ad Position 24