06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਹਲਕਾ ਸਨੌਰ ਦੇ ਪਛੜੇ ਪਿੰਡ ਮੰਡੀ ਸਹੂਲਤਾਂ ਤੋਂ ਵਾਂਝੇ, ਟਾਂਗਰੀ ਪਾਰ ਦੇ ਕਿਸਾਨਾਂ ਲਈ ਮੰਡੀਆਂ ਦਾ ਸਫ਼ਰ ਮੁਸ਼ੱਕਤ ਭਰਿਆ

Ad Position 21
No active advertisement
ਅਜੀਤ ਡੈਸਕ 16-04-2026
ਭੁੱਨਰਹੇੜੀ, 15 ਅਪ੍ਰੈਲ (ਧਨਵੰਤ ਸਿੰਘ ਹੁਸੈਨਪੁਰ)-ਹਲਕਾ ਸਨੌਰ ਦੇ ਹਰਿਆਣਾ ਬਾਰਡਰ ਨਾਲ ਲੱਗਦੇ ਪੱਛੜੇ ਇਲਾਕੇ ਦੇ ਪਿੰਡਾਂ ਨੂੰ ਆਮ ਤੌਰ 'ਤੇ 'ਟਾਂਗਰੀ ਪਾਰ' ਦੇ ਨਾਂ ਨਾਲ ਜਾਣਿਆ ਜਾਂਦਾ ਹੈ | ਇਸ ਖੇਤਰ ਵਿਚ ਆਉਂਦੇ ਦਰਜਨਾਂ ਪਿੰਡਾਂ ਦੇ ਕਿਸਾਨ ਅੱਜ ਵੀ ਬੁਨਿਆਦੀ ਮੰਡੀ ਸਹੂਲਤਾਂ ਤੋਂ ਵਾਂਝੇ ਹਨ, ਜਿਸ ਕਾਰਨ ਉਨ੍ਹਾਂ ਨੂੰ ਆਪਣੀਆਂ ਫਸਲਾਂ ਵੇਚਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਸਾਰਾ ਇਲਾਕਾ ਮਾਰਕੀਟ ਕਮੇਟੀ ਦੁੱਧਨ ਸਾਧਾਂ ਦੇ ਅਧੀਨ ਆਉਂਦਾ ਹੈ ਅਤੇ ਕਮੇਟੀ ਮਾਰਕੀਟ ਫੀਸ ਵੀ ਕਿਸਾਨਾਂ ਦੀ ਮੰਡੀ ਵਿਚ ਵਿਕਦੀ ਫਸਲ ਤੋਂ ਵਸੂਲ ਦੀ ਹੈ | ਪਰ ਹਕੀਕਤ ਵਿਚ ਉਨ੍ਹਾਂ ਨੂੰ ਇਸ ਦੇ ਬਦਲੇ ਕੋਈ ਵੱਡੀ ਸਹੂਲਤ ਨਹੀਂ ਮਿਲ ਰਹੀ | ਸਥਾਨਕ ਪੱਧਰ 'ਤੇ ਮੰਡੀ ਨਾ ਹੋਣ ਕਰਕੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਦੂਰ-ਦੁਰਾਡੇ ਦੇ ਖਰੀਦ ਕੇਂਦਰਾਂ 'ਤੇ ਫਸਲ ਵੇਚਣ ਜਾਣਾ ਪੈਂਦਾ ਹੈ | ਦੁੱਧਨ ਸਾਧਾਂ, ਘੜਾਮ ਸਮੇਤ ਦੇਵੀਗੜ੍ਹ ਵਰਗੀਆਂ ਮੰਡੀਆਂ ਦੀ ਦੂਰੀ ਕਰੀਬ 10 ਤੋਂ 18 ਕਿਲੋਮੀਟਰ ਤੱਕ ਹੈ | ਫਸਲ ਉਥੇ ਤੱਕ ਲਿਜਾਣ ਲਈ ਕਿਸਾਨਾਂ ਨੂੰ ਵਾਧੂ ਡੀਜ਼ਲ ਖਰਚ ਕਰਨਾ ਪੈਂਦਾ ਹੈ ਅਤੇ ਸੜਕਾਂ ਦੀ ਹਾਲਤ ਖ਼ਸਤਾ ਹੋਣ ਕਾਰਨ ਕੀਮਤੀ ਸਮਾਂ ਵੀ ਬਰਬਾਦ ਹੁੰਦਾ ਹੈ | ਇਸ ਤੋਂ ਇਲਾਵਾ, ਲੰਮੇ ਸਫਰ ਕਾਰਨ ਫਸਲ ਦੀ ਸੰਭਾਲ ਅਤੇ ਆਵਾਜਾਈ ਵੀ ਕਿਸਾਨਾਂ ਲਈ ਇਕ ਵੱਡੀ ਚੁਣੌਤੀ ਬਣ ਚੁੱਕਾ ਹੈ, ਸਥਾਨਕ ਪੱਧਰ 'ਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਪ੍ਰਚਾਰ ਸਿਰਫ ਖਾਨਾਪੂਰਤੀ ਤੱਕ ਹੀ ਸੀਮਿਤ ਹਨ, ਜਦਕਿ ਅਸਲ ਵਿਚ ਕਿਸਾਨ ਖੱਜਲ-ਖੁਆਰ ਹੋ ਰਹੇ ਹਨ | ਪਹਿਲਾਂ ਕਿਸਾਨ ਆਪਣੀਆਂ ਫਸਲਾਂ ਹਰਿਆਣਾ ਸਥਿਤ ਮੰਡੀਆਂ ਵਿਚ ਵੇਚਣ ਚੱਲੇ ਜਾਂਦੇ ਸਨ | ਪਰ ਪਿਛਲੇ ਕੁਝ ਸਾਲਾਂ ਤੋਂ ਸੂਬਾ ਸਰਕਾਰਾਂ ਵਲੋਂ ਜਮੀਨਾਂ ਦਾ ਪੰਜੀਕਰਨ ਕੀਤੇ ਜਾਣ ਕਾਰਨ ਕਿਸਾਨ ਫਸਲਾਂ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਲਈ ਮਜਬੂਰ ਹੋ ਗਏ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਮਾਰਕੀਟ ਕਮੇਟੀ ਵਲੋਂ ਉਨ੍ਹਾਂ ਨਾਲ ਨਿਆਂ ਨਹੀਂ ਕੀਤਾ ਜਾ ਰਿਹਾ | ਦੂਜੇ ਪਾਸੇ, ਮਾਰਕੀਟ ਕਮੇਟੀ ਦੁੱਧਨ ਸਾਧਾਂ ਵਲੋਂ ਅਨਾਜ ਮੰਡੀ ਮਸੀਂਗਣ ਨੇੜਲੇ ਪਿੰਡ ਹਡਾਣਾ ਵਿਚ ਕਿ ਹੋਰ ਨਵੀਂ ਦਾਣਾ ਮੰਡੀ ਬਣਾਈ ਗਈ ਹੈ, ਜਿਸ ਨੂੰ ਸਿਆਸੀ ਤੌਰ 'ਤੇ ਵੱਡੀ ਉਪਲਬਧੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਪਰ ਟਾਂਗਰੀ ਪਾਰ ਦੇ ਪਿੱਛੜੇ ਇਲਾਕੇ ਦੇ ਕਿਸਾਨ ਅਜੇ ਵੀ ਬੁਨਿਆਦੀ ਮੰਡੀ ਸਹੂਲਤਾਂ ਤੋਂ ਸੱਖਣੇ ਹਨ | ਕਿਸਾਨਾਂ ਦੀ ਮੰਗ ਹੈ ਕਿ ਇਸ ਖੇਤਰ ਵਿੱਚ ਵੀ ਜਲਦ ਤੋਂ ਜਲਦ ਇਕ ਸੁਵਿਧਾਜਨਕ ਅਨਾਜ ਮੰਡੀ ਸਥਾਪਿਤ ਕੀਤੀ ਜਾਵੇ | ਟਾਂਗਰੀ ਪਾਰ ਮੰਡੀ ਸਥਾਪਤ ਕਰਨ ਨਾਲ ਨਾ ਸਿਰਫ ਕਿਸਾਨਾਂ ਦੀ ਆਰਥਿਕ ਹਾਲਤ ਸੁਧਰੇਗੀ, ਸਗੋਂ ਖੇਤੀਬਾੜੀ ਪ੍ਰਣਾਲੀ ਵੀ ਮਜ਼ਬੂਤ ਹੋਵੇਗੀ | ਪਛੜੇ ਇਲਾਕੇ ਵਿਚ ਕਿਸਾਨਾਂ ਨੂੰ ਜਿਣਸ ਵੇਚਣ ਸਮੇਂ ਆਉਦੀਆਂ ਸਮੱਸਿਆ ਬਾਰੇ ਜਦੋਂ ਮਾਰਕੀਟ ਕਮੇਟੀ ਦੁੱਧਨ ਸਾਧਾਂ ਦੇ ਸਕੱਤਰ ਅਸ਼ੋਕ ਕੁਮਾਰ ਜਿੰਦਲ ਨੂੰ ਫੋਨ 'ਤੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮੇਰੇ ਧਿਆਨ ਵਿਚ ਨਹੀਂ, ਇਸ ਬਾਰੇ ਮੇਰੇ ਕੋਲ ਕਦੇ ਮੰਗ ਵੀ ਨਹੀਂ ਆਈ | ਅਗਰ ਮੰਗ ਆਵੇਗੀ ਤਾਂ ਹੀ ਹੱਲ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ ਕਰਵਾਏ ਦਸਤਾਰ ਮੁਕਾਬਲੇ ਅਗਲੀ ਖ਼ਬਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ ਮਾਨ ਸਰਕਾਰ ਦੀ ਵੱਡੀ ਪ੍ਰਾਪਤੀ-ਮਨੇਸ
Ad Position 24