ਰਾਜਪੁਰਾ, 15 ਅਪ੍ਰੈਲ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਦੇ ਫੋਕਲ ਪੁਆਇੰਟ ਦੀਆਂ ਸੜਕਾਂ ਦੀ ਹਾਲਤ ਦਿਨੋ ਦਿਨ ਬਦ ਤੋ ਬਦਤਰ ਹੁੰਦੀ ਜਾ ਰਹੀ ਹੈ | ਸੜਕਾਂ 'ਤੇ ਟੋਏ ਹੀ ਟੋਏ ਪਏ ਹੋਏ ਹਨ | ਇਸ ਦੇ ਨੈਸ਼ਨਲ ਪੱਧਰੀ ਹਿੰਦੁਸਤਾਨ ਲੀਵਰ ਵਾਲੀ ਫ਼ੈਕਟਰੀ ਦੀ ਸੜਕ 'ਤੇ ਖੜਾ ਗੰਦਾ ਅਤੇ ਮੁਸ਼ਕ ਮਾਰਦੇ ਬਰਸਾਤੀ ਪਾਣੀ ਨੇ ਲੋਕਾਂ ਦੇ ਨੱਕ 'ਚ ਦਮ ਕੀਤਾ ਪਿਆ ਹੈ | ਫੋਕਲ ਪੁਆਇੰਟ ਵਾਸੀ ਲੋਕ ਸਰਕਾਰੀ ਦੇ ਫੋਕੇ ਵਾਅਦਿਆਂ ਤੋਂ ਅੱਕੇ ਪਏ ਹਨ | ਜਾਣਕਾਰੀ ਮੁਤਾਬਿਕ ਕਿਸੇ ਵੀ ਸ਼ਹਿਰ ਦਾ ਫੋਕਲ ਪੁਆਇੰਟ ਸਰਕਾਰ ਲਈ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਹੁੰਦਾ ਹੈ ਕਿਉਂਕਿ ਇਹ ਆਰਥਿਕਤਾ ਦਾ ਧੁਰਾ ਹੁੰਦੇ ਹਨ | ਫੋਕਲ ਪੁਆਇੰਟ ਤੋਂ ਹੀ ਸਰਕਾਰ ਨੂੰ ਟੈਕਸ ਇਕੱਠਾ ਹੁੰਦਾ ਹੈ ਜਿਸ ਨਾਲ ਸ਼ਹਿਰ ਅਤੇ ਸੂਬੇ ਦੀ ਦਿਸ਼ਾ ਅਤੇ ਦਸ਼ਾ ਸੁਧਾਰੀ ਜਾਂਦੀ ਹੈ ਪਰ ਇੱਥੋਂ ਦੇ ਫੋਕਲ ਪੁਆਇੰਟ ਦਾ ਬਹੁਤ ਹੀ ਮਾੜਾ ਹਾਲ ਹੈ | ਸਰਕਾਰ ਨੂੰ ਕਰੋੜਾਂ ਰੁਪਏ ਦਾ ਮਾਲੀਆਂ ਦੇਣ ਵਾਲਾ ਫੋਕਲ ਪੁਆਇੰਟ ਖ਼ੁਦ ਆਪਣੀ ਬਦਹਾਲੀ 'ਤੇ ਹੰਝੂ ਕੇਰ ਰਿਹਾ ਹੈ | ਇੱਥੋਂ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ ਅਤੇ ਉਨ੍ਹਾਂ ਵਿਚ ਫੁੱਟ-ਫੁੱਟ ਦੇ ਟੋਏ ਪਏ ਹੋਏ ਹਨ, ਇਨ੍ਹਾਂ ਟੋਇਆ ਵਿਚ ਬਰਸਾਤੀ ਪਾਣੀ ਖੜ੍ਹਾ ਹੋ ਜਾਂਦਾ ਹੈ | ਇਸ ਮੁਸ਼ਕ ਮਾਰਦੇ ਪਾਣੀ ਦੀ ਨਿਕਾਸੀ ਦਾ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਹੈ | ਇੱਥੋਂ ਦੀ ਕਾਰਖ਼ਾਨੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਲ ਨਾਲ ਭਰੇ ਹੋਏ ਟਰੱਕ ਦੂਜੇ ਚੌਥੇ ਦਿਨ ਟੋਇਆ ਕਾਰਨ ਪਲਟੀ ਮਾਰ ਜਾਂਦੇ ਹਨ ਅਤੇ ਮਾਲ ਖ਼ਰਾਬ ਹੋ ਜਾਂਦਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਆਪਣੀ ਰੋਜੀ ਰੋਟੀ ਤੱਕ ਪੁੱਜਣਾ ਹੀ ਹਿਮਾਲਾ ਪਰਬਤ ਦੀ ਚੋਟੀ ਸਰ ਕਰਨ ਵਰਗੀ ਗੱਲ ਬਣੀ ਨਜ਼ਰੀ ਆ ਰਹੀ ਹੈ | ਸੜਕਾਂ ਦੇ ਖੜੇ ਮੁਸ਼ਕ ਮਾਰਦੇ ਪਾਣੀ ਕਾਰਨ ਕਿਸੇ ਵੀ ਸਮੇਂ ਕੋਈ ਬਿਮਾਰੀ ਸਿਰ ਚੁੱਕ ਸਕਦੀ ਹੈ | ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਕੋਲੋਂ ਮੋਟਾ ਟੈਕਸ ਤਾਂ ਵਸੂਲਦੀ ਹੈ ਪਰ ਸਹੂਲਤਾਂ ਦੇਣ ਦੇ ਨਾਮ 'ਤੇ ਪੱਲਾ ਝਾੜ ਲੈਂਦੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਹਾਲਤ ਇਸੇ ਤਰ੍ਹਾਂ ਦੇ ਰਹੇ ਤਾਂ ਫੋਕਲ ਪੁਆਇੰਟ ਦਾ ਕੰਮ ਕਾਰ ਠੱਪ ਹੋ ਜਾਵੇਗਾ | ਕਈ ਇੰਡਸਟਰੀ ਵਾਲਿਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਫੋਕਲ ਪੁਆਇੰਟ ਨਰਕ ਦਾ ਦੁਆਰ ਬਣਿਆ ਪਿਆ ਹੈ | ਉਨ੍ਹਾਂ ਦਾ ਕਹਿਣਾ ਹੈ ਟੈਕਸ ਵੀ ਅਸੀ ਦੇਈਏ ਅਤੇ ਮੁਸੀਬਤਾਂ ਵੀ ਅਸੀ ਹੀ ਝੱਲੀਏ | ਉਨ੍ਹਾਂ ਨੇ ਦੱਸਿਆ ਕਿ ਫੋਕਲ ਪੁਆਇੰਟ ਆਰਥਿਕਤਾ ਦਾ ਇੰਜਨ ਹੁੰਦਾ ਹੈ ਪਰ ਅੱਜ ਸੜਕਾਂ ਦੇ ਖੜ੍ਹੇ ਬਦਬੂ ਮਾਰਦੇ ਪਾਣੀ ਕਾਰਨ ਪ੍ਰਸ਼ਾਸਨਿਕ ਨਾਕਾਮੀ ਅਤੇ ਸਰਕਾਰੀ ਬੇਰੁਖ਼ੀ ਦਾ ਜਿਉਂਦਾ ਜਾਗਦਾ ਸਬੂਤ ਬਣਿਆ ਪਿਆ ਹੈ | ਇਸ ਸੰਬੰਧੀ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਇਹ ਸਰਕਾਰ ਦੀ ਸ਼ਰੇਆਮ ਬੇਰੁਖ਼ੀ ਹੈ | ਉਨ੍ਹਾਂ ਨੇ ਕਿਹਾ ਕਾਂਗਰਸ ਦੀ ਸਰਕਾਰ ਵੇਲੇ ਦੇਸ਼ ਦੇ ਰਾਸ਼ਟਰਪਤੀ ਨੇ ਸਾਫ਼ ਸੁਥਰਾ ਸ਼ਹਿਰ ਦਾ ਦਰਜਾ ਦੇਣ ਕਾਰਨ ਇਨਾਮ ਦਿੱਤਾ ਸੀ ਪਰ ਹੁਣ ਇਹ ਪਹਿਲੇ ਨੰਬਰ ਦੇ ਸ਼ਹਿਰ 'ਤੇ ਜੁਰਮਾਨੇ ਲਾਏ ਜਾ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਫੋਕਲ ਪੁਆਇੰਟ ਦੀ ਹਾਲਤ ਵੱਲ ਧਿਆਨ ਨਾ ਦਿਤਾ ਤਾਂ ਵੱਡੇ ਪੱਧਰ 'ਤੇ ਸੰਘਰਸ਼ ਵਿੱਢਿਆ ਜਾਵੇਗਾ |