ਰਾਜਪੁਰਾ, 16 ਅਪ੍ਰੈਲ (ਰਣਜੀਤ ਸਿੰਘ)-ਇੱਥੋਂ ਦੀ ਅਵਲੀਨ ਕੌਰ ਨੇ ਸੀ.ਬੀ.ਐੱਸ.ਈ. ਦਸਵੀਂ ਦੇ ਆਏ ਨਤੀਜਿਆਂ ਵਿਚ ਰਾਜਪੁਰਾ ਵਿਚ ਪਹਿਲੇ ਨੰਬਰ 'ਤੇ ਆ ਕੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਵਲੀਨ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਧਮੌਲੀ 'ਆਪ' ਆਗੂ ਅਤੇ ਪ੍ਰਧਾਨ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਉਸ ਦਾ ਨਿਸ਼ਾਨਾ ਕੁੱਝ ਬਣਨ ਦਾ ਸੀ | ਭਾਵੇਂ ਕਿ ਉਹ ਬਹੁਤ ਜ਼ਿਆਦਾ ਮਿਹਨਤ ਤਾਂ ਕਰਦੀ ਸੀ ਪਰ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਪੂਰੇ ਸ਼ਹਿਰ ਵਿਚੋਂ ਪਹਿਲੇ ਨੰਬਰ 'ਤੇ ਆ ਜਾਵੇਗੀ | ਉਸ ਨੇ ਦੱਸਿਆ ਕਿ ਉਹ ਮੁਕਤ ਪਬਲਿਕ ਸਕੂਲ ਵਿਖੇ ਪੜ੍ਹਦੀ ਹੈ | ਉਸ ਨੇ 500 ਵਿਚੋਂ 496 ਨੰਬਰ ਲੈ ਕੇ ਪੂਰੇ ਹਲਕੇ ਦਾ ਨਾਮ ਰੌਸ਼ਨ ਕੀਤਾ ਹੈ |