ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਤੇ ਖ਼ਾਦ ਬਣਾਉਣ ਬਾਰੇ ਦਿੱਤੀ ਸਿਖਲਾਈ
ਦੇਵੀਗੜ੍ਹ, 28 ਸਤੰਬਰ (ਰਾਜਿੰਦਰ ਸਿੰਘ ਮੌਜੀ)-ਖੇਤੀਬਾੜੀ ਵਿਭਾਗ ਦੇ ਬਲਾਕ ਅਫ਼ਸਰ ਡਾ. ਮਨਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਮਲਕਪੁਰ ਕੰਬੋਆਂ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਦੇਵੀਗੜ੍ਹ, 28 ਸਤੰਬਰ (ਰਾਜਿੰਦਰ ਸਿੰਘ ਮੌਜੀ)-ਖੇਤੀਬਾੜੀ ਵਿਭਾਗ ਦੇ ਬਲਾਕ ਅਫ਼ਸਰ ਡਾ. ਮਨਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਮਲਕਪੁਰ ਕੰਬੋਆਂ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਹ ਕੈਂਪ ਆਤਮਾ ਵਲੋਂ ਲਗਾਇਆ ਗਿਆ ਸੀ, ਜਿਸ ਦਾ ਮੁੱਖ ਉਦੇਸ਼ ਪਰਾਲੀ ਦੀ ਸਹੀ ਸਾਂਭ-ਸੰਭਾਲ ਅਤੇ ਇਸ ਤੋਂ ਖਾਦ ਤਿਆਰ ਕਰਨ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣਾ ਸੀ। ਕੈਂਪ ਦੌਰਾਨ ਮਾਹਿਰਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਇਸ ਮੌਕੇ ਮਿਆਰੀ ਤਕਨੀਕਾਂ ਦੀ ਵਰਤੋਂ ਕਰਦਿਆਂ ਪਰਾਲੀ ਦੀ ਸਾਂਭ ਅਤੇ ਇਸ ਤੋਂ ਉੱਤਮ ਕੁਆਲਟੀ ਦੀ ਖਾਦ ਬਣਾਉਣ ਦੀ ਵਿਧੀ ਬਾਰੇ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਕੈਂਪ ਵਿਚ ਪਿੰਡ ਮਲਕਪੁਰ, ਅਰਨੌਲੀ, ਹਸਨਪੁਰ ਅਤੇ, ਹਡਾਣਾ ਹੋਰ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਕੈਂਪ ਵਿਚ ਮੁੱਖ ਤੌਰ ’ਤੇ ਨੰਬਰਦਾਰ ਸਵਿੰਦਰ ਸਿੰਘ, ਕਰਮ ਸਿੰਘ, ਬਲਜਿੰਦਰ ਸਿੰਘ, ਬਲਵੰਤ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ, ਅਜੀਤਪਾਲ ਸਿੰਘ ਅਤੇ ਲਖਵੀਰ ਸਿੰਘ ਸਮੇਤ ਕਈ ਹੋਰ ਪਤਵੰਤੇ ਕਿਸਾਨ ਹਾਜ਼ਰ ਸਨ। ਖੇਤੀਬਾੜੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਵਿਭਾਗ ਵਲੋਂ ਦੱਸੀਆਂ ਤਕਨੀਕਾਂ ਦੀ ਵਰਤੋਂ ਕਰਨ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਮੁਕਤ ਰੱਖਿਆ ਜਾ ਸਕੇ ਅਤੇ ਖੇਤਾਂ ਦੀ ਸਿਹਤ ਨੂੰ ਸੁਧਾਰਿਆ ਜਾ ਸਕੇ। ਕਿਸਾਨਾਂ ਨੇ ਵੀ ਇਸ ਸਿਖਲਾਈ ਵਿਚ ਪੂਰੀ ਦਿਲਚਸਪੀ ਦਿਖਾਈ ਅਤੇ ਪਰਾਲੀ ਪ੍ਰਬੰਧਨ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।