ਪਟਿਆਲਾ, 16 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਹਲਕਾ ਘਨੌਰ ਦੀ ਅਨਾਜ ਮੰਡੀ ਵਿਚ ਆੜ੍ਹਤੀ ਵਜੋਂ ਕੰਮ ਕਰ ਰਹੇ ਕਰਨੈਲ ਸਿੰਘ ਭੱਟੀਆਂ ਨੇ ਦੋਸ਼ ਲਾਇਆ ਹੈ ਕਿ ਚਲਦੇ ਕਣਕ ਖਰੀਦ ਸੀਜ਼ਨ ਦੌਰਾਨ ਮਾਰਕੀਟ ਕਮੇਟੀ ਘਨੌਰ ਵਲੋਂ ਉਨ੍ਹਾਂ ਨੂੰ ਆਪਣੇ ਗਾਹਕ ਜ਼ਿਮੀਂਦਾਰਾਂ ਦੀ ਫਸਲ ਰੱਖਣ ਲਈ ਫੜ ਅਲਾਟ ਨਹੀਂ ਕੀਤੀ ਜਾ ਰਹੀ | ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਦੌਰਾਨ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਆੜ੍ਹਤੀ ਵਜੋਂ ਲਾਇਸੰਸ ਹਾਸਲ ਕੀਤਾ ਅਤੇ ਲਗਭਗ 25 ਲੱਖ ਰੁਪਏ ਖਰਚ ਕਰਕੇ ਘਨੌਰ ਮੰਡੀ ਵਿਚ ਆਪਣਾ ਸ਼ੋਅ ਰੂਮ ਬਣਾਇਆ | ਉਨ੍ਹਾਂ ਨਾਲ ਕਰੀਬ 35 ਤੋਂ 40 ਕਿਸਾਨ ਜੁੜੇ ਹੋਏ ਹਨ, ਜਿਨ੍ਹਾਂ ਨੂੰ ਉਨ੍ਹਾਂ ਵਲੋਂ ਅਗਾਊਾ ਰਕਮ ਵੀ ਦਿੱਤੀ ਗਈ ਸੀ ਤਾਂ ਜੋ ਉਹ ਆਪਣੀ ਕਣਕ ਦੀ ਫਸਲ ਤਿਆਰ ਕਰ ਸਕਣ | ਉਨ੍ਹਾਂ ਕਿਹਾ ਕਿ ਮੌਜੂਦਾ ਸੀਜ਼ਨ ਦੌਰਾਨ ਜ਼ਿਮੀਂਦਾਰਾਂ ਨੂੰ ਮੰਡੀ ਵਿਚ ਫਸਲ ਵੇਚਣ ਲਈ ਢੁੱਕਵੀਂ ਥਾਂ ਨਹੀਂ ਮਿਲ ਰਹੀ | ਇਸ ਸਬੰਧੀ ਉਨ੍ਹਾਂ ਵਲੋਂ ਮਾਰਕੀਟ ਕਮੇਟੀ ਦੇ ਸਕੱਤਰ ਅਤੇ ਸੁਪਰਵਾਈਜ਼ਰ ਨਾਲ ਕਈ ਵਾਰ ਸੰਪਰਕ ਕੀਤਾ ਗਿਆ ਅਤੇ ਲਿਖਤੀ ਦਰਖ਼ਾਸਤਾਂ ਵੀ ਦਿੱਤੀਆਂ ਗਈਆਂ, ਪਰ ਹਾਲੇ ਤੱਕ ਮਾਮਲੇ ਦਾ ਕੋਈ ਢੁੱਕਵਾਂ ਹੱਲ ਨਹੀਂ ਨਿਕਲਿਆ | ਉਨ੍ਹਾਂ ਨੇ ਦੱਸਿਆ ਕਿ ਕੁਝ ਵਾਰ ਜਿਹੜੀ ਥਾਂ ਉਨ੍ਹਾਂ ਨੂੰ ਦਿਖਾਈ ਗਈ, ਉਹ ਉਪਲਬਧ ਨਹੀਂ ਰਹੀ | ਉਨ੍ਹਾਂ ਮੁਤਾਬਕ ਇਸ ਸਥਿਤੀ ਕਾਰਨ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਉਨ੍ਹਾਂ ਦੇ ਗਾਹਕ ਜ਼ਿਮੀਂਦਾਰ ਹੋਰ ਆੜ੍ਹਤੀਆਂ ਕੋਲ ਆਪਣੀ ਜਿੰਸ ਵੇਚਣ ਲਈ ਮਜਬੂਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਸੀਜ਼ਨ ਅਖੀਰ ਵੱਲ ਵਧ ਰਿਹਾ ਹੈ ਅਤੇ ਕੁਝ ਹੀ ਦਿਨਾਂ ਦੀ ਖਰੀਦ ਬਾਕੀ ਰਹਿ ਗਈ ਹੈ, ਜਿਸ ਕਾਰਨ ਨੁਕਸਾਨ ਦੀ ਭਰਪਾਈ ਕਰਨਾ ਮੁਸ਼ਕਲ ਹੋ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਮਾਮਲੇ ਨੂੰ ਜਲਦੀ ਸੁਣ ਕੇ ਉਨ੍ਹਾਂ ਨੂੰ ਯੋਗ ਥਾਂ ਅਲਾਟ ਕੀਤੀ ਜਾਵੇ | ਸਕੱਤਰ ਤੇ ਸੁਪਰਵਾਈਜ਼ਰ ਦਾ ਪੱਖ ਇਸ ਮਾਮਲੇ ਸੰਬੰਧੀ ਮਾਰਕੀਟ ਕਮੇਟੀ ਘਨੌਰ ਦੇ ਸਕੱਤਰ ਜਸਵਿੰਦਰ ਸਿੰਘ ਅਤੇ ਸੁਪਰਵਾਈਜ਼ਰ ਸ੍ਰੀ ਸੰਧੂ ਨੇ ਦੱਸਿਆ ਕਿ ਕਰਨੈਲ ਸਿੰਘ ਨੂੰ ਪਹਿਲਾਂ ਵੀ ਫੜ ਵਿਚ ਥਾਂ ਦਿੱਤੀ ਜਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਮੰਡੀ ਵਿਚ ਇਸ ਵੇਲੇ ਵੀ ਕੁਝ ਥਾਵਾਂ ਉਪਲੱਬਧ ਹਨ ਅਤੇ ਅਲਾਟਮੈਂਟ ਲਈ ਉਹ ਤਿਆਰ ਹਨ | ਉਨ੍ਹਾਂ ਦੇ ਅਨੁਸਾਰ ਆੜ੍ਹਤੀਆਂ ਵਿਚ ਆਪਸੀ ਤਾਲਮੇਲ ਦੀ ਕਮੀ ਕਾਰਨ ਵੀ ਅਜਿਹੀ ਸਥਿਤੀ ਬਣ ਰਹੀ ਹੋ ਸਕਦੀ ਹੈ |