ਸਮਾਣਾ, 21 ਅਪ੍ਰੈਲ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)-ਬਾਬਾ ਬੰਦਾ ਸਿੰਘ ਬਹਾਦਰ ਚੌਂਕ ਸਮਾਣਾ ਵਿਖੇ ਟਾਵਰ ਮੋਰਚਾ ਕਮੇਟੀ ਵਲੋਂ ਇਕ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਹੈ ਕਿ ਭਾਰਤੀ ਸੰਚਾਰ ਨਿਗਮ ਦੇ 400 ਫੁੱਟ ਉੱਚੇ ਟਾਵਰ 577 ਦਿਨ ਤੋਂ ਬੈਠੇ ਭਾਈ ਗੁਰਜੀਤ ਸਿੰਘ ਫ਼ੌਜੀ ਨੂੰ ਟਾਵਰ ਤੋਂ ਉਤਾਰਨ ਲਈ ਸਰਕਾਰ ਪ੍ਰਬੰਧ ਕਰੇ | ਭਾਈ ਤਲਵਿੰਦਰ ਸਿੰਘ ਔਲਖ, ਅਮੀਤੋਜ ਸਿੰਘ ਮਾਨ, ਭਾਈ ਗੁਰਪ੍ਰੀਤ ਸਿੰਘ ਅੱਠੇ ਪਹਿਰ, ਕਿਸਾਨ ਆਗੂ ਕਾਕਾ ਸਿੰਘ ਕੋਟੜਾ ਅਤੇ ਖੁਸ਼ਇੰਦਰ ਸਿੰਘ ਨੇ ਕਿਹਾ ਕਿ ਸਾਡੇ ਕੋਲ ਅਜਿਹੇ ਸਾਧਨ ਨਹੀਂ ਹਨ ਜੋ ਸਰਕਾਰ ਕੋਲ ਮੌਜੂਦ ਹੁੰਦੇ ਹਨ | ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਭਾਈ ਗੁਰਜੀਤ ਸਿੰਘ ਖ਼ਾਲਸਾ ਨੂੰ ਸਨਮਾਨ ਸਹਿਤ ਸਹੀ ਤਰੀਕੇ ਨਾਲ ਟਾਵਰ ਤੋਂ ਹੇਠਾਂ ਉਤਾਰਨ ਦੇ ਪ੍ਰਬੰਧ ਸਰਕਾਰ ਖ਼ੁਦ ਆਪਣੇ ਪੱਧਰ 'ਤੇ ਕਰੇ | ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮੋਰਚਾ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਉਪ ਮੰਡਲ ਅਫ਼ਸਰ ਰਿਚਾ ਗੋਇਲ ਅਤੇ ਪੁਲਿਸ ਉਪ-ਕਪਤਾਨ ਫ਼ਤਿਹ ਸਿੰਘ ਬਰਾੜ ਨੂੰ ਲਿਖਤੀ ਰੂਪ ਵਿਚ ਸਾਰੀ ਸਥਿਤੀ ਦੀ ਜਾਣਕਾਰੀ ਦੇ ਦਿੱਤੀ ਹੈ ਕਿ ਮੋਰਚਾ ਕਮੇਟੀ ਕੋਲ ਭਾਈ ਗੁਰਜੀਤ ਸਿੰਘ ਖ਼ਾਲਸਾ ਨੂੰ ਟਾਵਰ ਤੋਂ ਹੇਠਾਂ ਉਤਾਰਨ ਲਈ ਕੋਈ ਵੀ ਠੋਸ ਪ੍ਰਬੰਧ ਨਹੀਂ ਹੈ | ਸਰਕਾਰ ਕੋਲ ਹਰ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਵਿਸ਼ੇਸ਼ ਪ੍ਰਬੰਧ ਹੁੰਦੇ ਹਨ ਪਰ ਸਰਕਾਰ ਨੇ ਅਜੇ ਤੱਕ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ | ਉਹ ਸਰਕਾਰ ਦੇ ਕਦਮਾਂ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਹ ਸਮੇਂ ਸਿਰ ਭਾਈ ਗੁਰਜੀਤ ਸਿੰਘ ਖ਼ਾਲਸਾ ਨੂੰ ਹੇਠਾਂ ਉਤਾਰ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਕਰਵਾ ਸਕਣ ਅਤੇ ਪਾਤੜਾਂ-ਪਟਿਆਲਾ ਰੋਡ 'ਤੇ ਲੱਗਾ ਧਰਮ ਯੁੱਧ ਮੋਰਚੇ ਦਾ ਧਰਨਾ ਸਮਾਪਤ ਕਰ ਸਕਣ | ਇਸ ਸੰਬੰਧੀ ਜਦੋਂ ਐਸ.ਡੀ.ਐਮ. ਸਮਾਣਾ ਰਿਚਾ ਗੋਇਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟਾਵਰ ਮੋਰਚਾ ਕਮੇਟੀ ਵਲੋਂ ਲਿਖਤੀ ਰੂਪ ਵਿਚ ਦਰਖ਼ਾਸਤ ਮਿਲੀ ਹੈ, ਜਿਸ ਨੂੰ ਉਨ੍ਹਾਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ |