ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਲੋਂ ਆਪਣੇ ਮਹੱਤਵਪੂਰਨ ਪ੍ਰਾਜੈਕਟ 'ਐਕਸ਼ਨ ਰਿਸਰਚ' ਅਧੀਨ 'ਸਕੂਲੀ ਸਿੱਖਿਆ ਵਿਚ ਐਕਸ਼ਨ ਰਿਸਰਚ, ਨਵੀਨ ਪਹਿਲਕਦਮੀਆਂ ਅਤੇ ਕਲਾਸ ਰੂਮ ਉਪਰਾਲੇ' ਸਿਰਲੇਖ ਅਧੀਨ 17 ਰਿਸਰਚ ਗਰੁੱਪਾਂ ਦੁਆਰਾ ਤਿਆਰ ਰਿਸਰਚ ਰਿਪੋਰਟਾਂ ਨੂੰ ਸੰਪਾਦਿਤ ਕਰਕੇ ਐਕਸ਼ਨ ਰਿਸਰਚ ਆਧਾਰਿਤ ਥੀਸਿਸ ਪ੍ਰਕਾਸ਼ਿਤ ਕੀਤਾ ਅਤੇ ਰਿਸਰਚ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ | ਇਸ ਮੌਕੇ ਡਾਈਟ ਪਿ੍ੰਸੀਪਲ ਤੇ ਸਹਾਇਕ ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਡਾ. ਆਨੰਦ ਗੁਪਤਾ ਨੇ ਕਿਹਾ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 30 ਦੇ ਕਰੀਬ ਖ਼ੋਜੀ ਅਧਿਆਪਕਾਂ ਦੇ ਇਸ ਗਰੁੱਪ ਦੁਆਰਾ ਡਾਈਟ ਦੇ ਰਿਸਰਚ ਕੋਆਰਡੀਨੇਟਰ ਡਾ. ਕੁਲਦੀਪ ਸਿੰਘ ਅਤੇ ਸਹਾਇਕ ਰਿਸਰਚ ਕੋਆਰਡੀਨੇਟਰ ਨਰਿੰਦਰ ਕੌਰ ਦੀ ਨਿਗਰਾਨੀ ਵਿਚ ਤਿਆਰ ਕੀਤਾ ਇਹ ਖੋਜ ਦਸਤਾਵੇਜ਼ ਡਾਈਟ ਦੇ ਇਤਿਹਾਸ ਵਿਚ ਲਾਸਾਨੀ ਕਾਰਜ ਹੈ | ਇਹ ਕਾਰਜ ਇਨ੍ਹਾਂ ਖ਼ੋਜੀ ਅਧਿਆਪਕਾਂ ਦੀ ਲੰਮੀ ਖੋਜ ਅਤੇ ਮਿਹਨਤ ਦਾ ਸਿੱਟਾ ਹੈ, ਜੋ ਡਾਈਟ ਰਾਹੀਂ ਹੋਣ ਵਾਲੀ ਅਗਲੇਰੀ ਖੋਜ ਦਾ ਆਧਾਰ ਬਣੇਗਾ | ਸੀਨੀਅਰ ਲੈਕਚਰਾਰ ਕੰਵਲਦੀਪ ਸਿੰਘ ਸੋਹੀ ਨੇ ਕਿਹਾ ਕਿ ਅਜਿਹਾ ਦਸਤਾਵੇਜ਼ ਪ੍ਰਕਾਸ਼ਿਤ ਹੋਣਾ ਅਤੇ ਹਰ ਖੋਜ ਕਰਨ ਵਾਲੇ ਅਧਿਆਪਕ ਦੇ ਹੱਥਾਂ ਵਿਚ ਪਹੁੰਚਣਾ ਕਿਸੇ ਵੀ ਸੰਸਥਾ ਲਈ ਮਾਣ ਵਾਲੀ ਗੱਲ ਹੁੰਦੀ ਹੈ | ਰਿਸਰਚ ਕੋਆਰਡੀਨੇਟਰ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਖੋਜ ਦਸਤਾਵੇਜ਼ 'ਚ 17 ਐਕਸ਼ਨ ਰਿਸਰਚ ਰਿਪੋਰਟਾਂ ਸ਼ਾਮਿਲ ਹਨ |