ਰਾਜਪੁਰਾ, 22 ਅਪ੍ਰੈਲ (ਜੀ.ਪੀ. ਸਿੰਘ)-ਜਿਸ ਤਰ੍ਹਾਂ ਸਾਈਬਰ ਠੱਗਾਂ ਵੱਲੋਂ ਰੋਜ਼ਾਨਾ ਮੋਬਾਇਲ ਕਾਲ ਅਤੇ ਮੋਬਾਇਲ ਫੋਨ ਹੈਕ ਕਰਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ | ਜਿਸ ਦੇ ਚੱਲਦਿਆਂ ਰਾਜਪੁਰਾ ਸ਼ਹਿਰ ਦੇ ਦੋ ਨਾਮੀ ਵਿਅਕਤੀਆਂ ਦੇ ਸਾਈਬਰ ਠੱਗਾਂ ਨੇ ਫੋਨ ਹੈੱਕ ਕਰਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੰਦੇਸ਼ ਭੇਜ ਕੇ ਉਨ੍ਹਾਂ ਪਾਸੋਂ ਪੈਸਿਆਂ ਦੀ ਮੰਗ ਕਰਨ ਦੀ ਗੱਲ ਸਾਹਮਣੇ ਆਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੌਂਸਲਰ ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ ਬੀਤੇ ਦਿਨੀਂ ਕੁਝ ਸਾਈਬਰ ਠੱਗਾਂ ਨੇ ਉਸ ਦਾ ਮੋਬਾਇਲ ਫੋਨ ਦਾ ਵਟਸਐਪ ਹੈਕ ਕਰ ਲਿਆ | ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਮੋਬਾਇਲ ਵਿਚ ਜਿੰਨੇ ਵੀ ਉਸ ਦੇ ਰਿਸ਼ਤੇਦਾਰ, ਸਕੇ ਸੰਬੰਧੀ ਅਤੇ ਦੋਸਤ ਮਿੱਤਰ ਸਨ ਦੇ ਮੋਬਾਇਲ ਫੋਨਾਂ 'ਤੇ ਸਭ ਤੋਂ ਕਰੀਬ 25 ਹਜਾਰ ਰੁਪਏ ਦੀ ਪੈਸਿਆਂ ਦੀ ਜਰੂਰੀ ਮੰਗ ਕਰਦਿਆਂ ਹੋਇਆਂ ਪੈਸੇ ਕੁਝ ਘੰਟਿਆਂ ਦੇ ਵਿਚ ਵਾਪਸ ਲੁਟਾਉਣ ਦੀ ਗੱਲ ਆ ਕੇ ਸੰਦੇਸ਼ ਭੇਜਿਆ | ਜਿਸ ਤੋਂ ਬਾਅਦ ਜਦੋਂ ਰਿਸ਼ਤੇਦਾਰ ਅਤੇ ਦੋਸਤਾਂ ਮਿੱਤਰਾਂ ਵਲੋਂ ਮੇਰੇ ਮੋਬਾਇਲ ਨੰਬਰ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੋਬਾਇਲ ਫੋਨ ਹੈਕ ਕੀਤਾ ਜਾਣ ਕਰਕੇ ਫੋਨ ਨੰਬਰ ਨਹੀਂ ਮਿਲਿਆ | ਜਦੋਂ ਇਸ ਸੰਬੰਧੀ ਮੈਨੂੰ ਪਤਾ ਲੱਗਿਆ ਤਾਂ ਮੇਰੇ ਵਲੋਂ ਤੁਰੰਤ ਥਾਣਾ ਸ਼ਹਿਰੀ ਦੀ ਪੁਲਿਸ ਅਤੇ ਸਾਈਬਰ ਸੈਲ ਪਟਿਆਲਾ ਨੂੰ ਸੂਚਿਤ ਕੀਤਾ ਗਿਆ | ਜਿਸ ਤੋਂ ਬਾਅਦ ਉਸਦਾ ਫੋਨ ਹੈਕਰਾਂ ਦੇ ਕਬਜ਼ੇ ਵਿਚੋਂ ਬਾਹਰ ਆਇਆ | ਇਸ ਤੋਂ ਇਲਾਵਾ ਰਾਜਪੁਰਾ ਟਾਊਨ ਦੀ ਪੁਰਾਣੀ ਅਨਾਜ ਮੰਡੀ ਵਿਚਲੇ ਚੈਨਸਨ ਹੋਟਲ ਦੇ ਮਾਲਕ ਦਿਲਬਾਗ ਸਿੰਘ ਨੀਟੂ ਦਾ ਮੋਬਾਇਲ ਫੋਨ ਵੀ ਬੀਤੇ ਦਿਨੀ ਹੈਕਰਾਂ ਵੱਲੋਂ ਹੈਂਕ ਕਰ ਲਿਆ ਗਿਆ ਸੀ | ਉਨ੍ਹਾਂ ਦੇ ਮੋਬਾਇਲ ਫੋਨ ਦੇ ਵਟਸਐਪ ਰਾਹੀਂ ਸੰਬੰਧਿਤ ਮੋਬਾਇਲ ਦੇ ਵਿਚ ਨੋਟ ਨੰਬਰਾਂ ਦੇ ਉੱਤੇ ਪੈਸਿਆਂ ਦੀ ਮੰਗ ਸਬੰਧੀ ਮੈਸੇਜ ਕੀਤਾ ਗਿਆ | ਨੀਟੂ ਨੇ ਦੱਸਿਆ ਕਿ ਉਨ੍ਹਾਂ ਵਲੋਂ ਵੀ ਸਾਈਬਰ ਸੈਲ ਪਟਿਆਲਾ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦਾ ਮੋਬਾਇਲ ਫੋਨ ਹੈਕਰਾਂ ਦੇ ਕਬਜ਼ੇ ਵਿੱਚੋਂ ਬਾਹਰ ਆਇਆ | ਜਿਸ ਤੋਂ ਬਾਅਦ ਸਬੰਧਿਤ ਵਿਅਕਤੀਆਂ ਨੇ ਸ਼ਹਿਰ ਵਾਸੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣਜਾਣ ਵਿਅਕਤੀ ਦਾ ਮੋਬਾਇਲ ਫੋਨ ਨਾ ਚੁੱਕਣ ਤਾਂ ਜੋ ਅਜਿਹੇ ਸਾਈਬਰ ਠੱਗੀ ਤੋਂ ਬਚਿਆ ਜਾ ਸਕੇ |