ਪਟਿਆਲਾ, 22 ਅਪ੍ਰੈਲ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪਸਾਰ ਲਈ ਇਕ ਹੋਰ ਅਹਿਮ ਕਦਮ ਚੁੱਕਦਿਆਂ ਵਿਭਾਗੀ ਕੋਸ਼ਾਂ ਦੀ 'ਸ਼ਬਦਮਾਲਾ' ਐਂਡਰਾਇਡ ਐਪ ਦਾ ਵਿਧੀਵਤ ਆਗਾਜ਼ ਕਰ ਦਿੱਤਾ ਗਿਆ ਹੈ | ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਵਲੋਂ ਇਸ ਐਪ ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਵਿਭਾਗ ਦੇ ਅਧਿਕਾਰੀ ਤੇ ਐਪ ਦੀ ਤਿਆਰੀ ਨਾਲ ਜੁੜੀ ਟੀਮ ਦੇ ਮੈਂਬਰ ਵੀ ਹਾਜ਼ਰ ਸਨ | ਇਸ ਮੌਕੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 'ਸ਼ਬਦਮਾਲਾ' ਇਕ ਆਧੁਨਿਕ ਕੋਸ਼ ਪਲੇਟਫ਼ਾਰਮ ਹੈ, ਜਿਸ ਰਾਹੀਂ ਸ਼ਬਦ-ਜਗਿਆਸੂ ਵੱਖ-ਵੱਖ ਕੋਸ਼ਾਂ ਵਿਚੋਂ ਸ਼ਬਦਾਂ ਦੇ ਅਰਥ ਆਸਾਨੀ ਨਾਲ ਖੋਜ ਸਕਦੇ ਹਨ | ਉਨ੍ਹਾਂ ਕਿਹਾ ਕਿ ਇਸ ਮੋਬਾਈਲ ਐਪ ਦੇ ਆਉਣ ਨਾਲ ਹੁਣ ਸ਼ਬਦ-ਅਰਥ ਲੱਭਣ ਦੀ ਪ੍ਰਕਿਰਿਆ ਹੋਰ ਵੀ ਸੁਗਮ ਹੋ ਗਈ ਹੈ ਤੇ ਵਰਤੋਂਕਾਰ ਆਪਣੇ ਮੋਬਾਈਲ ਫ਼ੋਨ ਰਾਹੀਂ ਕਿਤੇ ਵੀ, ਕਦੇ ਵੀ ਕਿਸੇ ਵੀ ਸ਼ਬਦ ਦੇ ਅਰਥ ਪ੍ਰਾਪਤ ਕਰ ਸਕਣਗੇ | ਉਨ੍ਹਾਂ ਹੋਰ ਦੱਸਿਆ ਕਿ ਵਿਭਾਗ ਦੀ ਟੀਮ ਵਲੋਂ ਡਿਪਟੀ ਡਾਇਰੈਕਟਰ ਆਲੋਕ ਚਾਵਲਾ ਦੀ ਅਗਵਾਈ ਹੇਠ ਇਸ ਐਪ ਦੀ ਤਿਆਰੀ ਦਾ ਕਾਰਜ ਸਾਲ 2023 ਵਿਚ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਸਤੰਬਰ 2024 ਵਿਚ ਵੈੱਬ ਪਲੇਟਫ਼ਾਰਮ ਦੇ ਰੂਪ ਵਿਚ ਲਾਂਚ ਕੀਤਾ ਗਿਆ ਅਤੇ ਹੁਣ ਇਹ ਐਪ ਦੇ ਰੂਪ ਵਿਚ ਇਕ ਹੋਰ ਮਹੱਤਵਪੂਰਨ ਪੜਾਅ 'ਤੇ ਪਹੁੰਚ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਇਸ ਸਮੇਂ ਐਪ ਵਿਚ ਪੋਠੋਹਾਰੀ ਕੋਸ਼, ਕਿੱਸਾ ਸੰਦਰਭ ਕੋਸ਼, ਡੋਗਰੀ ਪੰਜਾਬੀ ਕੋਸ਼, ਅੰਗਰੇਜ਼ੀ ਪੰਜਾਬੀ ਮਿਡਲ ਕੋਸ਼, ਪੰਜਾਬੀ ਅਖਾਣ ਕੋਸ਼, ਮੁਹਾਵਰਾ ਕੋਸ਼ ਅਤੇ ਵਾਰਿਸ ਮੁਹਾਵਰਾ ਕੋਸ਼ ਵਰਗੇ ਮਹੱਤਵਪੂਰਨ ਕੋਸ਼ ਉਪਲਬਧ ਹਨ | ਡਾਇਰੈਕਟਰ ਜ਼ਫ਼ਰ ਨੇ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਦੇ ਯੁੱਗ ਵਿਚ ਹਰ ਭਾਸ਼ਾ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਅਜਿਹੇ ਉਪਰਾਲੇ ਬਹੁਤ ਜ਼ਰੂਰੀ ਹਨ ਅਤੇ ਇਹ ਐਪ ਪੰਜਾਬੀ ਭਾਸ਼ਾ ਨੂੰ ਸੱਤ ਸਮੁੰਦਰਾਂ ਦੀ ਭਾਸ਼ਾ ਬਣਾਉਣ ਵਿਚ ਅਹਿਮ ਯੋਗਦਾਨ ਪਾਉਣ ਸਮਰੱਥ ਹੈ | ਡਿਪਟੀ ਡਾਇਰੈਕਟਰ ਆਲੋਕ ਚਾਵਲਾ ਨੇ ਦੱਸਿਆ ਕਿ ਹਿੰਦੂ ਮਿਥਿਹਾਸ ਕੋਸ਼ ਅਤੇ ਪੁਆਧੀ ਕੋਸ਼ 'ਤੇ ਕੰਮ ਜਾਰੀ ਹੈ, ਜਿਨ੍ਹਾਂ ਨੂੰ ਜਲਦ ਹੀ ਇਸ ਐਪ 'ਤੇ ਉਪਲਬਧ ਕਰਵਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵਿਭਾਗ ਦੀਆਂ ਸ਼ਬਦਾਵਲੀਆਂ ਨੂੰ ਵੀ ਇਸ ਪਲੇਟਫ਼ਾਰਮ ਨਾਲ ਜੋੜਿਆ ਜਾਵੇਗਾ ਅਤੇ ਲਗਪਗ 40 ਤੋਂ ਵੱਧ ਕੋਸ਼ਾਂ ਨੂੰ ਹੌਲੀ-ਹੌਲੀ ਇਸ ਐਪ ਨਾਲ ਸੰਬੰਧਿਤ ਕੀਤਾ ਜਾਵੇਗਾ | ਇਸ ਮੌਕੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ ਵੀ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਇਹ ਪ੍ਰਾਜੈਕਟ ਡਿਪਟੀ ਡਾਇਰੈਕਟਰ (ਕੋਸ਼ਕਾਰੀ) ਆਲੋਕ ਚਾਵਲਾ ਦੀ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਹੈ | ਇਸ ਵਿਚ ਸੰਪਾਦਕੀ ਦਾ ਕਾਰਜ ਸਤਪਾਲ ਸਿੰਘ, ਖੋਜ ਅਫ਼ਸਰ (ਕੋਸ਼ਕਾਰੀ) ਵਲੋਂ ਕੀਤਾ ਗਿਆ ਹੈ, ਜਦਕਿ ਸਾਫ਼ਟਵੇਅਰ ਤਿਆਰ ਕਰਨ ਦਾ ਸਿਹਰਾ ਮਹੇਸ਼ਇੰਦਰ ਸਿੰਘ ਖੋਸਲਾ, ਖੋਜ ਸਹਾਇਕ ਨੂੰ ਜਾਂਦਾ ਹੈ | ਕੋਸ਼ਾਂ ਨੂੰ ਯੂਨੀਕੋਡ ਵਿਚ ਕਨਵਰਟ ਕਰਨ ਅਤੇ ਸਾਫ਼ਟਵੇਅਰ ਅਨੁਕੂਲ ਕਰਨ ਵਿਚ ਸ੍ਰੀਮਤੀ ਰਜਿੰਦਰ ਕੌਰ ਸੀਨੀਅਰ ਸਹਾਇਕ, ਮਨਜੀਤ ਸਿੰਘ ਸਪਾਲ ਸੀਨੀਅਰ ਸਹਾਇਕ, ਦੀਪਕ ਕੁਮਾਰ ਜੂਨੀਅਰ ਸਹਾਇਕ, ਬੀਬਾ ਕਿਰਨਜੀਤ ਕੌਰ ਜੂਨੀਅਰ ਸਕੇਲ ਸਟੈਨੋਗ੍ਰਾਫ਼ਰ, ਬੀਬਾ ਰਾਖੀ ਕਲਰਕ, ਬੀਬਾ ਵਿਸ਼ਵਜੋਤ ਕੌਰ ਪਰੂਫ਼ ਰੀਡਰ, ਕਾਪੀ ਹੋਲਡਰ ਗੁਰਬਖ਼ਸ਼ ਸਿੰਘ ਅਤੇ ਮਨਵੀਰ ਸਿੰਘ ਵਲੋਂ ਮਹੱਤਵਪੂਰਨ ਯੋਗਦਾਨ ਦਿੱਤਾ ਗਿਆ | ਇਹ ਐਪ ਭਾਸ਼ਾ ਵਿਭਾਗ ਦੀ ਵੈੱਬਸਾਈਟ ਜਾਂ ਦਿੱਤੇ ਗਏ ਲਿੰਕ ਰਾਹੀਂ ਡਾਊਨਲੋਡ ਕੀਤੀ ਜਾ ਸਕਦੀ ਹੈ |