ਰਾਜਪੁਰਾ, 22 ਅਪ੍ਰੈਲ (ਜੀ.ਪੀ. ਸਿੰਘ)- ਸਥਾਨਕ ਟਰੈਫ਼ਿਕ ਪੁਲਿਸ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੁਲਿਸ ਕਪਤਾਨ ਟਰੈਫ਼ਿਕ ਹਰਿੰਦਰ ਸਿੰਘ ਮਾਨ, ਉਪ ਪੁਲਿਸ ਕਪਤਾਨ ਟਰੈਫ਼ਿਕ ਪੁਨੀਤ ਸਿੰਘ ਚਹਿਲ ਦੀ ਅਗਵਾਈ ਹੇਠ ਦੋ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ 7 ਜੁਗਾੜੂ ਰੇਹੜੀਆਂ ਨੂੰ ਜ਼ਬਤ ਕੀਤਾ ਹੈ | ਟਰੈਫ਼ਿਕ ਪੁਲਿਸ ਰਾਜਪੁਰਾ ਦੇ ਇੰਚਾਰਜ ਥਾਣੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਅਨੁਸਾਰ ਕਾਰਵਾਈ ਕਰਦਿਆਂ ਹੋਇਆਂ ਏ.ਐਸ.ਆਈ. ਸਤੀਸ਼ ਕੁਮਾਰ, ਸਹਾਇਕ ਥਾਣੇਦਾਰ ਤਜਿੰਦਰਪਾਲ ਤੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਦੇ ਨਾਲ ਰਾਜਪੁਰਾ ਦੇ ਗਗਨ ਚੌਕ ਤੇ ਅਨਾਜ ਮੰਡੀ ਦੇ ਨੇੜੇ ਨਾਕਾਬੰਦੀ ਕਰਕੇ 7 ਜੁਗਾੜੂ (ਮੋਡੀਫਾਈ ਕੀਤੀਆਂ) ਰੇਹੜੀਆਂ ਨੂੰ ਜ਼ਬਤ ਕੀਤਾ ਗਿਆ | ਜੁਗਾੜੂ ਰੇਹੜੀਆਂ ਦੇ ਮਾਲਕ ਆਪਣੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਾਗ਼ਜ਼ਾਤ ਵੀ ਨਹੀਂ ਦਿਖਾ ਸਕੇ | ਟਰੈਫ਼ਿਕ ਇੰਚਾਰਜ ਗੁਰਬਚਨ ਸਿੰਘ ਨੇ ਦੱਸਿਆ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਤਹਿਤ ਰਾਜਪੁਰਾ ਸ਼ਹਿਰ ਦੀਆਂ ਸੜਕਾਂ 'ਤੇ ਕਿਸੇ ਵੀ ਤਰ੍ਹਾਂ ਦੀ ਜੁਗਾੜੂ ਰੇਹੜੀ ਨੂੰ ਚਲਾਉਣ ਅਤੇ ਹੋਰ ਕਿਸੇ ਵੀ ਤਰ੍ਹਾਂ ਦਾ ਮਾਲ ਦੀ ਢੋਆ ਢੁਆਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਪਰ ਇਸ ਮਨਾਹੀ ਦੇ ਬਾਵਜੂਦ ਵੀ ਦੇਖਿਆ ਗਿਆ ਕਿ ਜੁਗਾੜੂ ਰੇਹੜੀਆਂ ਸੜਕਾਂ 'ਤੇ ਸ਼ਰੇਆਮ ਚੱਲਦੀਆਂ ਹੋਣ ਕਾਰਨ ਜਿੱਥੇ ਆਵਾਜਾਈ 'ਚ ਵਿਘਨ ਪਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਆਉਂਦੇ ਦਿਨਾਂ 'ਚ ਫਿਰ ਵੀ ਕੋਈ ਵਿਅਕਤੀ ਜੁਗਾੜੂ ਰੇੜੀ ਦੇ ਨਾਲ ਸਮਾਨ ਦੀ ਢੋਆ ਢੁਆਈ ਅਤੇ ਚਲਾਉਂਦਾ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਟਰੈਫ਼ਿਕ ਨਿਯਮਾਂ ਦੇ ਤਹਿਤ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |