ਪਟਿਆਲਾ, 23 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-ਸ਼ਹਿਰ ਦੇ ਸਰਵਪੱਖੀ ਵਿਕਾਸ ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪਰਮਜੀਤ ਸਿੰਘ, ਡਿਪਟੀ ਮੇਅਰ ਜਗਦੀਪ ਜੱਗਾ ਅਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਨਗਰ ਨਿਗਮ ਦੇ ਵਿੱਤ ਤੇ ਠੇਕਾ ਕਮੇਟੀ ਦੀ ਅਹਿਮ ਮੀਟਿੰਗ ਹੋਈ | ਇਸ ਮੀਟਿੰਗ ਵਿਚ ਸ਼ਹਿਰ ਦੇ ਵਿਕਾਸ ਲਈ ਲਗਭਗ 15 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ | ਮੀਟਿੰਗ ਵਿਚ ਸਭ ਤੋਂ ਵੱਡਾ ਫ਼ੈਸਲਾ ਸ਼ਹਿਰ ਵਿਚੋਂ ਲੰਘਣ ਵਾਲੀ ਵੱਡੀ ਅਤੇ ਛੋਟੀ ਨਦੀ ਦੀ ਸਫ਼ਾਈ ਨੂੰ ਲੈ ਕੇ ਲਿਆ ਗਿਆ | ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਦੀ ਮੰਗ 'ਤੇ ਇਸ ਵਾਰ ਮਾਨਸੂਨ ਦੇ ਆਉਣ ਤੋਂ ਤਿੰਨ ਮਹੀਨੇ ਪਹਿਲਾਂ ਹੀ ਨਦੀਆਂ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਕਾਰਜ ਲਈ ਕੁੱਲ 48 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ ਹੈ | ਸ਼ਹਿਰ ਦੀ ਸੀਵਰੇਜ ਵਿਵਸਥਾ ਨੂੰ ਦਰੁਸਤ ਕਰਨ ਲਈ ਹਾਈਟੈੱਕ ਮਸ਼ੀਨਾਂ ਨਾਲ ਸਫ਼ਾਈ ਕਰਵਾਉਣ ਵਾਸਤੇ 53 ਲੱਖ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਗਈ ਹੈ | ਇਸ ਤੋਂ ਇਲਾਵਾ, ਝਿੱਲ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਲਈ 35 ਲੱਖ 73 ਹਜ਼ਾਰ ਰੁਪਏ ਪਾਸ ਕੀਤੇ ਗਏ ਹਨ | ਅਨਾਰਦਾਨਾ ਚੌਕ ਨੇੜੇ ਏ.ਸੀ. ਮਾਰਕੀਟ ਅਤੇ ਟੋਭਾ ਧਿਆਨਾ ਸਿਟੀ ਬਗ਼ਲ ਦੇ ਪੁਰਾਣੇ ਨਾਲੇ ਨੂੰ ਕਵਰ ਕਰਕੇ ਉੱਥੇ ਪਾਰਕਿੰਗ ਬਣਾਉਣ ਦੇ ਪ੍ਰਸਤਾਵ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ, ਜਿਸ ਨਾਲ ਬਾਜ਼ਾਰਾਂ ਵਿੱਚ ਟ੍ਰੈਫਿਕ ਦੀ ਸਮੱਸਿਆ ਹੱਲ ਹੋਵੇਗੀ | ਇਸ ਮੌਕੇ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਫੌਗਿੰਗ ਮਸ਼ੀਨਾਂ ਵਾਸਤੇ ਦਵਾਈ ਖ਼ਰੀਦਣ ਲਈ 18 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਗਈ | ਮੇਅਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਮੀਟਿੰਗ ਵਿਚ ਅਲੀਪੁਰ ਚੌਕ ਤੋਂ ਫ਼ੈਕਟਰੀ ਏਰੀਆ ਤੱਕ ਸੜਕ ਦੀ ਪ੍ਰੀਮਿਕਸ ਲਈ 46.55 ਲੱਖ, ਵਾਰਡ ਨੰਬਰ 47 ਅਤੇ ਮਾਈ ਜੀ ਸਰਾਂ ਵਿਖੇ ਨਵੇਂ ਟਿਊਬਵੈੱਲ ਲਗਾਉਣ ਲਈ ਲਗਪਗ 27 ਲੱਖ ਅਤੇ ਸਟਰੀਟ ਲਾਈਟਾਂ ਦੇ ਸਾਮਾਨ ਲਈ 42.35 ਲੱਖ ਰੁਪਏ ਦੇ ਮਤੇ ਪਾਸ ਕੀਤੇ ਗਏ |