ਪਟਿਆਲਾ, 24 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਦੇ ਸੰਸਦੀ ਮਾਮਲਿਆਂ, ਐਨ.ਆਰ.ਆਈ. ਮਾਮਲਿਆਂ ਅਤੇ ਜੇਲ੍ਹਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਸੈਂਟਰਲ ਜੇਲ੍ਹ ਪਟਿਆਲਾ ਦਾ ਦੌਰਾ ਕਰ ਜੇਲ੍ਹ ਪ੍ਰਬੰਧਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ | ਉਨ੍ਹਾਂ ''ਉਜਾਲਾ ਨਰਸਰੀ'' ਅਤੇ ਨਵੀਂ ਤਿਆਰ ਕੀਤੀ ਗਈ ਜੇਲ੍ਹ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ | ਉਜਾਲਾ ਨਰਸਰੀ ਦਾ ਮਕਸਦ ਕੈਦੀਆਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਨੂੰ ਰਚਨਾਤਮਿਕ ਗਤੀਵਿਧੀਆਂ ਨਾਲ ਜੋੜਨਾ ਹੈ | ਨਵੀਂ ਲਾਇਬ੍ਰੇਰੀ ਕੈਦੀਆਂ ਨੂੰ ਸਿੱਖਿਆ ਅਤੇ ਜਾਣਕਾਰੀ ਪ੍ਰਾਪਤ ਕਰਨ ਦੇ ਵਧੀਆ ਮੌਕੇ ਪ੍ਰਦਾਨ ਕਰੇਗੀ, ਜਿਸ ਨਾਲ ਉਹ ਆਪਣੇ ਜੀਵਨ ਵਿਚ ਸਕਾਰਾਤਮਿਕ ਬਦਲਾਅ ਲਿਆ ਸਕਣਗੇ | ਜੇਲ੍ਹ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਜੇਲ੍ਹਾਂ ਨੂੰ ਸੁਧਾਰ ਅਤੇ ਪੁਨਰਵਾਸ ਦੇ ਕੇਂਦਰਾਂ ਵਿਚ ਤਬਦੀਲ ਕਰਨ ਲਈ ਵਚਨਬੱਧ ਹੈ | ਜੇਲ੍ਹਾਂ ਨੂੰ ਨਸ਼ਾ-ਮੁਕਤ ਬਣਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ ਅਤੇ ਇਸ ਦਿਸ਼ਾ ਵਿਚ ਜੇਲ੍ਹ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਉਨ੍ਹਾਂ ਸ਼ਲਾਘਾ ਕੀਤੀ | ਆਪਣੇ ਦੌਰੇ ਦੌਰਾਨ ਮੰਤਰੀ ਨੇ ਜੇਲ੍ਹ ਹਸਪਤਾਲ, ਬੈਰਕਾਂ ਅਤੇ ਆਮ ਆਦਮੀ ਕਲੀਨਿਕ ਸਮੇਤ ਵੱਖ-ਵੱਖ ਇਕਾਈਆਂ ਦੀ ਜਾਂਚ ਕੀਤੀ ਅਤੇ ਕੈਦੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਮੌਕੇ ਜੇਲ੍ਹ ਵਿਭਾਗ ਦੇ ਸਕੱਤਰ ਮੁਹੰਮਦ ਤਈਅਬ, ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ, ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ, ਐਡੀਸ਼ਨਲ ਸੁਪਰਡੈਂਟ ਜੈਦੀਪ ਸਿੰਘ, ਐਡੀਸ਼ਨਲ ਸੁਪਰਡੈਂਟ ਅਰਪਣਜੋਤ ਸਿੰਘ, ਡਿਪਟੀ ਸੁਪਰਡੈਂਟ ਸਕਿਉਰਿਟੀ ਆਦਰਸ਼ਪਾਲ ਸਿੰਘ ਅਤੇ ਸਹਾਇਕ ਕਰਨਵੀਰ ਸਿੰਘ ਵੀ ਮੌਜੂਦ ਸਨ |