ਪਟਿਆਲਾ, 27 ਅਪ੍ਰੈਲ (ਮਨਦੀਪ ਸਿੰਘ ਖਰੌੜ)-ਜੇਲ੍ਹ ਵਿਭਾਗ ਵਲੋਂ ਅਕਸਰ ਦਾਅਵੇ ਕੀਤੇ ਜਾਂਦੇ ਹਨ ਕਿ ਸੁਧਾਰ ਘਰ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਗ਼ੈਰਕਾਨੰੂਨੀ ਗਤੀਵਿਧੀ ਨਹੀਂ ਹੁੰਦੀ ਪਰ ਅਕਸਰ ਹੀ ਜੇਲ੍ਹ ਅੰਦਰੋਂ ਮੋਬਾਈਲ, ਨਸ਼ੀਲੇ ਪਦਾਰਥ ਅਤੇ ਬੰਦੀਆਂ ਦੇ ਕੁੱਟਮਾਰ ਦੇ ਮਾਮਲੇ ਸਾਹਮਣੇ ਆਉਂਦੇ ਹਨ | ਇਸੇ ਸਿਲਸਿਲੇ ਤਹਿਤ ਪਟਿਆਲਾ ਜੇਲ੍ਹ 'ਚ ਕੈਦੀਆਂ ਤੋਂ ਮੋਬਾਈਲ ਅਤੇ ਨਸ਼ੀਲੇ ਕੈਪਸੂਲ ਬਰਾਮਦ ਹੋਣ ਦੇ ਮਾਮਲੇ 'ਚ ਇਕ ਬੰਦੀ ਨੇ ਮੰਨਿਆ ਹੈ ਕਿ ਉਸ ਨੇ ਉਕਤ ਸਾਮਾਨ ਮੰਗਵਾਉਣ ਲਈ ਮੋਬਾਈਲ ਤੋਂ ਦੂਸਰੇ ਹਵਾਲਾਤੀ ਦੇ ਪਰਿਵਾਰਕ ਮੈਂਬਰ ਨੂੰ 40 ਹਜ਼ਾਰ ਰੁਪਏ ਪੇਟੀਐਮ ਵੀ ਕੀਤੇ ਸੀ | ਇਸ ਸੰਬੰਧੀ ਸਹਾਇਕ ਸੁਪਰਡੈਂਟ ਕਰਨਵੀਰ ਸਿੰਘ ਨੇ ਥਾਣਾ ਤਿ੍ਪੜੀ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਗਸ਼ਤ ਦੌਰਾਨ ਹਵਾਲਾਤੀ ਮੰਗਤ ਰਾਏ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਮੋਬਾਈਲ ਤੇ ਸਿੰਮ ਕਾਰਡ ਬਰਾਮਦ ਹੋਇਆ | ਉਸ ਦੇ ਬੈਗ 'ਚੋਂ 10 ਗਰਾਮ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ ਅਤੇ 20 ਲਾਲ ਰੰਗ ਦੇ ਕੈਪਸੂਲ ਬਰਾਮਦ ਹੋਏ | ਉਨ੍ਹਾਂ ਕਿਹਾ ਕਿ ਹਵਾਲਾਤੀ ਮੰਗਤ ਰਾਏ ਨੇ ਦੱਸਿਆ ਕਿ ਉਸ ਨੇ ਨਸ਼ੀਲੇ ਪਦਾਰਥ ਦੇ ਕੈਪਸੂਲ ਹਵਾਲਾਤੀ ਗੁਰਦਰਸ਼ਨ ਸਿੰਘ ਤੋਂ ਲਏ ਹਨ | ਜਦੋਂ ਗੁਰਦਰਸ਼ਨ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇਕ ਮੋਬਾਈਲ ਤੇ ਸਿੰਮ ਕਾਰਡ ਵੀ ਮਿਲਿਆ | ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਹਵਾਲਾਤੀ ਮੰਗਤ ਰਾਏ ਨੇ ਦੱਸਿਆ ਕਿ ਉਸ ਨੇ ਉਕਤ ਸਾਮਾਨ ਮੰਗਵਾਉਣ ਲਈ ਦੂਸਰੇ ਹਵਾਲਾਤੀ ਦੇ ਕਿਸੇ ਪਰਿਵਾਰਕ ਮੈਂਬਰ ਦੇ ਮੋਬਾਈਲ 'ਤੇ 40 ਹਜ਼ਾਰ ਰੁਪਏ ਪੇਟੀਐਮ ਵੀ ਕੀਤੇ ਸੀ ਪਰ ਹਾਲੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਇਹ ਸਿਲਸਿਲਾ ਜੇਲ੍ਹ ਵਿਚ ਪਹਿਲੀ ਵਾਰ ਵਾਪਰਿਆ ਹੈ ਜਾਂ ਜੇਲ੍ਹ 'ਚ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ? ਇਸ ਸੰਬੰਧੀ ਥਾਣਾ ਤਿ੍ਪੜੀ ਦੇ ਮੁਖੀ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਹਾਲੇ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਪਰ ਪੜਤਾਲ ਦੌਰਾਨ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਵੀ ਹਵਾਲਾਤੀ ਤੋਂ ਪੁੱਛਗਿੱਛ ਕਰ ਸਕਦੀ ਹੈ ਅਤੇ ਇਸ ਦੇ ਤਕਨੀਕੀ ਪੱਖ ਵੀ ਦੇਖੇ ਜਾ ਰਹੇ ਹਨ | ਪੜਤਾਲ ਪੂਰੀ ਹੋਣ ਤੋਂ ਬਾਅਦ ਹੀ ਇਸ ਕੇਸ 'ਚ ਹੋਰ ਕੁੱਝ ਦੱਸਿਆ ਜਾ ਸਕਦਾ ਹੈ |