ਬ੍ਰਹਮਾਨੰਦ ਮਹਾਰਾਜ ਭੂਰੀਵਾਲੇ (ਗਊਆਂ ਵਾਲੇ) ਵਾਲੇ ਇਕ ਅਜਿਹੇ ਸੰਤ ਮਹਾਂਪੁਰਸ਼ ਹੋਏ ਹਨ, ਜਿੰਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਲੋਕਾਈ ਦੇ ਭਲੇ ਗਊ, ਗਰੀਬ ਤੇ ਕੰਨਿਆ ਦੀ ਰਾਖੀ ਲਈ ਸਮਰਪਿਤ ਕਰਕੇ ਹਮੇਸ਼ਾਂ ਹੀ ਸਮਾਜ ਦੀ ਉੱਨਤੀ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ ਤੇ ਇਕ ਵਿਲੱਖਣ ਮਿਸਾਲ ਪੈਦਾ ਕੀਤੀ ਹੈ | ਭੂਰੀਵਾਲਿਆਂ ਦਾ ਜਨਮ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਚੂਹੜ੍ਹਪੁਰ (ਬ੍ਰਹਮਪੁਰੀ) ਵਿਖੇ 1912 ਨੂੰ ਪਿਤਾ ਧਨੀ ਰਾਮ ਦੇ ਘਰ ਮਾਤਾ ਸ਼੍ਰੀਮਤੀ ਰਾਮ ਦੇਈ ਦੀ ਕੁੱਖੋਂ ਹੋਇਆ | ਭੂਰੀਵਾਲਿਆਂ ਨੇ ਆਪਣੀ ਕਰਮ ਭੂਮੀ ਉੱਤਰ ਪ੍ਰਦੇਸ਼ ਦੇ ਜਿਲ੍ਹਾ ਨੈਨੀਤਾਲ (ਹੁਣ ਉੱਤਰਾਖੰਡ) ਨੂੰ ਬਣਾਇਆ | ਬ੍ਰਹਮ ਸਾਗਰ ਮਹਾਰਾਜ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਾਇ) ਦੇ ਮੁਖੀ ਸਵਾਮੀ ਲਾਲ ਦਾਸ ਮਹਾਰਾਜ ਭੂਰੀਵਾਲਿਆਂ ਦਾ ਸਤਿਸੰਗ ਅਤੇ ਉਨ੍ਹਾਂ ਦੀ ਰੂਹਾਨੀਅਤ ਦਾ ਪ੍ਰਭਾਵ ਸੀ (ਜੋ ਆਪ ਜੀ ਦੇ ਦੀਕਸ਼ਾ ਗੁਰੂ ਸਨ) ਸਵਾਮੀ ਲਾਲ ਦਾਸ ਭੂਰੀਵਾਲਿਆਂ ਦੀ ਕਿ੍ਪਾ ਦਿ੍ਸ਼ਟੀ ਸਦਕਾ ਸੰਨ 1962 ਦੇ ਜੂਨ ਮਹੀਨੇ ਉੱਤਰ ਪ੍ਰਦੇਸ਼ ਦੇ ਜਿਲ੍ਹਾ ਬੁਲੰਦ ਸ਼ਹਿਰ ਦੇ ਕਸਬਾ ਜਗੀਰਾਬਾਦ ਦੀ ਕੁਟੀਆ ਵਿਚ ਸੰਨਿਆਸ ਧਾਰਨ ਕਰਨ ਉਪਰੰਤ ਆਪ ਗਿਰਧਾਰੀ ਸਿੰਘ ਤੋਂ ਸਵਾਮੀ ਬ੍ਰਹਮਾਨੰਦ ਦੇ ਰੂਪ ਵਿਚ ਸੰਗਤਾਂ 'ਚ ਵਿਚਰੇ | ਭੂਰੀਵਾਲੇ ਗਊ, ਗਰੀਬ, ਕੰਨਿਆ (ਲੜਕੀ) ਦੀ ਰੱਖਿਆ ਅਤੇ ਭਲਾਈ ਦੇ ਪੂਰਨ ਹਾਮੀ ਸਨ | ਇਸ ਗੱਲ ਨੂੰ ਉਨ੍ਹਾਂ ਨੇ ਸਿਰਫ਼ ਪ੍ਰਚਾਰਿਆ ਹੀ ਨਹੀਂ, ਬਲਕਿ ਇਸਨੂੰ ਕਰਨੀ ਵਿਚ ਬਦਲਿਆ ਅਤੇ ਇਸ 'ਤੇ ਪੂਰਾ ਅਮਲ ਕਰਕੇ ਦਿਖਾਇਆ | 14 ਅਗਸਤ 1975 ਨੂੰ ਸਵਾਮੀ ਲਾਲ ਦਾਸ ਭੂਰੀਵਾਲਿਆਂ ਦੇ ਪੰਜ ਭੌਤਿਕ ਸਰੀਰ ਤਿਆਗ ਜਾਣ ਉਪਰੰਤ ਉਨ੍ਹਾਂ ਦੀ ਇੱਛਾ ਅਤੇ ਵਚਨਾਂ ਅਨੁਸਾਰ ਹਰਿਦੁਆਰ ਦੇ ਸ਼੍ਰੀ ਬ੍ਰਹਮ ਨਿਵਾਸ ਆਸ਼ਰਮ ਵਿਚ ਖਟ ਦਰਸ਼ਨ ਸਾਧੂ ਸਮਾਜ (ਗਰੀਬਦਾਸੀਯ ਸੰਪਰਦਾਇ) ਦੀ ਸਰਵਉੱਚ ਪੀਠ ਦੇ ਉਸ ਸਮੇਂ ਦੇ ਪੀਠਾਦੀਸ਼ਵਰ ਸ਼੍ਰੀ ਮਹੰਤ ਗੰਗਾ ਸਾਗਰ ਅਤੇ ਭੂਰੀਵਾਲੇ ਭੇਖ ਦੇ ਸਮੁੱਚੇ ਸੰਤ ਜਨਾਂ ਵਲੋਂ ਸੰਗਤਾਂ ਦੇ ਵਿਸ਼ਾਲ ਇਕੱਠ 'ਚ ਬ੍ਰਹਮਾ ਨੰਦ ਜੀ ਨੂੰ ਭੂਰੀਵਾਲੇ ਗੁਰਗੱਦੀ ਤੇ ਤੀਜੇ ਗੱਦੀਨਸ਼ੀਨ ਵਜੋਂ ਬਿਠਾਇਆ ਗਿਆ | 1984 ਵਿਚ ਸਮਾਜ ਦੇ ਸਰਬਪੱਖੀ ਵਿਕਾਸ ਨੂੰ ਉੱਚਾ ਚੁੱਕਣ ਲਈ ਸਿੱਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਮਹਾਰਾਜ ਭੂਰੀਵਾਲੇ ਐਜੂਕੇਸ਼ਨ ਟਰੱਸਟ ਦਾ ਗਠਨ ਕੀਤਾ | ਟਰੱਸਟ ਦੇ ਗਠਨ ਉਪਰੰਤ ਸਵਾਮੀ ਬ੍ਰਹਮਾ ਨੰਦ ਭੂਰੀਵਾਲਿਆਂ ਨੇ ਕਸਬਾ ਪੋਜੇਵਾਲ ਵਿਖੇ ਇਕ ਕੋ-ਐਜੂਕੇਸ਼ਨ ਕਾਲਜ ਬਣਾ ਕੇ ਸਰਕਾਰ ਨੂੰ ਸੌਂਪਿਆ | ਕੇਂਦਰ ਸਰਕਾਰ ਦੀ ਸੰਸਥਾ ਨਵੋਦਿਆ ਵਿਦਿਆਲਾ ਪੋਜੇਵਾਲ ਵਿਖੇ ਖੁਲ੍ਹਵਾਉਣ ਲਈ ਉਨ੍ਹਾਂ ਨੇ ਵਿਸ਼ੇਸ਼ ਯੋਗਦਾਨ ਪਾਇਆ ਅਤੇ ਇਸ ਸੰਸਥਾ ਲਈ 27 ਏਕੜ ਜ਼ਮੀਨ ਵੀ ਟਰੱਸਟ ਵਲੋਂ ਮੁਫ਼ਤ ਪ੍ਰਦਾਨ ਕੀਤੀ ਗਈ | ਇਸ ਤੋਂ ਇਲਾਵਾ ਬ੍ਰਹਮਾ ਨੰਦ ਜੀ ਭੂਰੀਵਾਲਿਆ ਨੇ ਕੰਢੀ, ਬੀਤ, ਦੂਣੀ ਦੇ ਇਲਾਕਿਆ ਵਿਚ ਕੁੜੀਆਂ ਦੀ ਪੜ੍ਹਾਈ ਲਈ 5 ਡਿਗਰੀ ਕਾਲਜ, ਇਕ ਬੀ ਐਂਡ ਕਾਲਜ, 5 ਪਬਲਿਕ ਸਕੂਲ ਜਿਨਾਂ ਵਿਚੋਂ 3 ਸਕੂਲ ( ਸੀ. ਬੀ. ਐੱਸ. ਈ) ਤੋਂ ਮਾਨਤਾ ਪ੍ਰਾਪਤ ਅਤੇ ਤਿੰਨ ਚੈਰੀਟੇਬਲ ਹਸਪਤਾਲਾਂ ਦਾ ਨਿਰਮਾਣ ਕਰਵਾ ਕੇ ਗਰੀਬ ਲੋਕਾਂ ਨੂੰ ਚੰਗੀ ਸਿਹਤ ਤੇ ਉੱਚ ਦਰਜੇ ਦੀ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦਾ ਜੋ ਉਪਰਾਲਾ ਕੀਤਾ | ਵੱਖ-ਵੱਖ ਰਾਜਾਂ 'ਚ ਗਊਸ਼ਾਲਾਵਾਂ ਦਾ ਨਿਰਮਾਣ ਕਰਵਾਇਆ | ਸਵਾਮੀ ਜੀ ਨੇ 1 ਮਈ 2002 ਨੂੰ ਆਪਣੇ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਜਿਲ੍ਹਾ ਹੁਸ਼ਿਆਰਪੁਰ ਦੇ ਲਾਲਪੁਰੀ ਧਾਮ ਭਵਾਨੀਪੁਰ (ਬੀਤ) ਵਿਖੇ ਬ੍ਰਹਮਲੀਨ ਹੋ ਗਏ | ਬ੍ਰਹਮਲੀਨ ਸਵਾਮੀ ਬ੍ਰਹਮਾ ਨੰਦ ਭੂਰੀਵਾਲੇ (ਗਊਆਂ ਵਾਲਿਆਂ) ਦੀ 24ਵੀ ਬਰਸੀ ਮੌਕੇ ਇਸ ਵਾਰ ਵੀ ਸ੍ਰੀ ਗੁਰੂ ਤੇਗ ਬਹਾਦਰ ਗੜਸ਼ੰਕਰ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਤੇ ਬਣੇ ਸ੍ਰੀ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਵਿਸ਼ਾਲ ਤਿੰਨ ਰੋਜ਼ਾ ਸੰਤ ਸਮਾਗਮ 29 ਅਪ੍ਰੈਲ ਤੋਂ 1 ਮਈ ਤੱਕ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ | -ਵਿੰਦਰਪਾਲ ਝਾਡੀਆਂ