ਨਾਭਾ, 2 ਮਈ (ਜਗਨਾਰ ਸਿੰਘ ਦੁਲੱਦੀ)-ਪੰਜਾਬ ਦੇ ਸਾਬਕਾ ਜਲ ਸਰੋਤ ਚੇਅਰਮੈਨ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪਟਿਆਲਾ ਦਿਹਾਤੀ ਹਲਕੇ ਅਧੀਨ ਪੈਂਦੇ ਪਿੰਡਾਂ ਦਾ ਦੌਰਾ ਕੀਤਾ ਗਿਆ, ਜਿਸ ਤਹਿਤ ਉਹ ਪਿੰਡ ਰੋਹਟਾ ਦੇ ਕਾਂਗਰਸੀ ਆਗੂ ਸੁਰਜੀਤ ਸਿੰਘ ਖੱਟੜਾ ਦੇ ਗ੍ਰਹਿ ਵਿਖੇ ਪਹੁੰਚੇ, ਜਿੱਥੇ ਸੀਨੀਅਰ ਕਾਂਗਰਸੀ ਹਰਪ੍ਰੀਤ ਸਿੰਘ ਢੀਂਡਸਾ ਵੀ ਉਚੇਚੇ ਤੌਰ 'ਤੇ ਮੌਜੂਦ ਰਹੇ | ਇਸ ਮੌਕੇ ਪਿੰਡ ਵਾਸੀਆਂ ਵਲੋਂ ਮਹੰਤ ਹਰਵਿੰਦਰ ਸਿੰਘ ਖਨੌੜਾ ਦਾ ਭਰਵਾਂ ਸਵਾਗਤ ਕੀਤਾ ਗਿਆ | ਇਕੱਤਰ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਢੀਂਡਸਾ ਨੇ ਕਿਹਾ ਕਿ ਇਸ ਹਲਕੇ 'ਚ ਮਹੰਤ ਹਰਵਿੰਦਰ ਖਨੌੜਾ ਵਲੋਂ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਸੇਵਾਮਈ ਕੰਮਾਂ ਅਤੇ ਲੋਕਾਂ ਨਾਲ ਬਣਾਈ ਨਜ਼ਦੀਕੀ ਦੇ ਕਾਰਨ ਹੀ ਲੋਕਾਂ 'ਚ ਇਕ ਮਜ਼ਬੂਤ ਪਛਾਣ ਬਣਾਈ ਹੈ | ਢੀਂਡਸਾ ਨੇ ਦੱਸਿਆ ਕਿ ਮਹੰਤ ਹਰਵਿੰਦਰ ਖਨੌੜਾ ਰੋਜਾਨਾ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਉਨ੍ਹਾਂ ਦੇ ਹੱਲ ਲਈ ਯਥਾਸੰਭਵ ਕੋਸ਼ਿਸ਼ ਵੀ ਕਰਦੇ ਹਨ | ਢੀਂਡਸਾ ਨੇ ਦੱਸਿਆ ਕਿ 2027 ਦੀ ਵਿਧਾਨ ਸਭਾ ਚੋਣ ਲੜਨ ਲਈ ਹਲਕੇ ਦੇ ਹਰ ਪਿੰਡ 'ਚ ਮਹੰਤ ਖਨੌੜਾ ਵਲੋਂ ਕੀਤੀ ਗਈ ਦਸਤਕ ਨੇ ਉਨ੍ਹਾਂ ਨੂੰ ਇਕ ਮਜ਼ਬੂਤ ਜਨ ਆਧਾਰ ਦਿੱਤਾ ਹੈ ਤੇ ਭਰਪੂਰ ਸਮਰਥਨ ਦਿੰਦਿਆਂ ਲੋਕਾਂ ਵਲੋਂ ਵੀ ਖੁੱਲ ਕੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਉਹ ਆਪਣਾ ਕੀਮਤੀ ਵੋਟ ਮਹੰਤ ਖਨੌੜਾ ਦੇ ਹੱਕ 'ਚ ਪਾਉਣਗੇ ਤਾਂ ਜੋ ਇਕ ਇਮਾਨਦਾਰ, ਮਿਹਨਤੀ ਅਤੇ ਲੋਕਾਂ ਨਾਲ ਜ਼ਮੀਨੀ ਪੱਧਰ 'ਤੇ ਜੁੜੀ ਹੋਈ ਸ਼ਖ਼ਸੀਅਤ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਸਕੀਏ | ਗੱਲਬਾਤ ਕਰਦਿਆਂ ਹਲਕਾ ਵਾਸੀਆਂ ਤੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਜੇਕਰ ਇਸ ਵਾਰ ਮਹੰਤ ਖਨੌੜਾ ਨੂੰ ਮੌਕਾ ਮਿਲਦਾ ਹੈ ਤਾਂ ਦਿਹਾਤੀ ਹਲਕੇ 'ਚ ਵਿਕਾਸ ਦੀ ਨਵੀਂ ਲਹਿਰ ਆ ਸਕਦੀ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਮਹੰਤ ਖਨੌੜਾ ਵਲੋਂ ਦਹਾਕਿਆਂ ਤੋਂ ਕਾਂਗਰਸ ਪਾਰਟੀ ਲਈ ਨਿਭਾਈ ਸੇਵਾ ਅਤੇ ਵਫ਼ਾਦਾਰੀ ਦਾ ਕੀ ਹਾਈ ਕਮਾਂਡ ਮੁੱਲ ਪਾਵੇਗੀ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ | ਮਹੰਤ ਹਰਵਿੰਦਰ ਖਨੌੜਾ ਨੇ ਪਿੰਡਾਂ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਕਿਹਾ ਕਿ ਉਹ ਹਰ ਦੁੱਖ ਸੁੱਖ ਵਿਚ ਉਨ੍ਹਾਂ ਦੇ ਨਾਲ ਖੜ੍ਹਦੇ ਆ ਰਹੇ ਹਨ ਤੇ ਆਉਣ ਵਾਲੇ ਸਮੇਂ 'ਚ ਵਿੱਚ ਵੀ ਉਨ੍ਹਾਂ ਦੇ ਨਾਲ ਖੜ੍ਹਨਗੇ | ਮਹੰਤ ਖਨੌੜਾ ਨੇ ਕਿਹਾ ਮੈਂ ਸਿਆਸਤ ਦੇ ਤੌਰ 'ਤੇ ਨਹੀਂ ਹਲਕੇ ਦੇ ਸੇਵਾਦਾਰ ਦੇ ਤੌਰ 'ਤੇ ਲੋਕਾਂ ਦੀ ਸੇਵਾ ਕਰਾਂਗਾ |