ਪਟਿਆਲਾ, 2 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ ਸਰਬ ਅਕਾਲ ਮਿਊਜ਼ਿਕ ਸੁਸਾਇਟੀ, ਕੈਲਗਰੀ (ਕੈਨੇਡਾ) ਨਾਲ ਮਿਲ ਕੇ ਵਿਸ਼ਵ ਨਿ੍ਤ ਦਿਵਸ 'ਤੇ ਸਮਾਗਮ ਕਰਵਾਇਆ ਗਿਆ | ਵਿਖਿਆਤ ਕੱਥਕ ਨਰਤਕੀ ਅਤੇ ਪ੍ਰਮੁੱਖ ਗੁਰੂ ਗੀਤਾਂਜਲੀ ਲਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੀ ਪੇਸ਼ਕਾਰੀ ਵੀ ਦਿੱਤੀ | ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰੋ. ਡੇਜ਼ੀ ਵਾਲੀਆ ਸਨ, ਜੋ ਯੂਨੀਵਰਸਿਟੀ ਦੇ ਨਿ੍ਤ ਵਿਭਾਗ ਦੇ ਸੰਸਥਾਪਕ ਹਨ | ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਸੁਆਗਤੀ ਸ਼ਬਦ ਕਹੇ | ਉਪ ਕੁਲਪਤੀ ਪ੍ਰੋ. ਜਗਦੀਪ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਗੁਰੂ ਗੀਤਾਂਜਲੀ ਲਾਲ ਦੀ ਆਮਦ ਨੂੰ ਸਮਾਗਮ ਦੀ ਸਾਰਥਿਕਤਾ ਦੱਸਿਆ ਅਤੇ ਯੁਵਕ ਭਲਾਈ ਵਿਭਾਗ ਦੀ ਅਜਿਹਾ ਸਮਾਗਮ ਉਲੀਕਣ 'ਤੇ ਸ਼ਲਾਘਾ ਕੀਤੀ | ਪਹਿਲੀ ਪੇਸ਼ਕਾਰੀ ਜੈਸਮੀਨ ਅਤੇ ਸਾਥੀ ਕਲਾਕਾਰਾਂ ਦੀ ਸਮੂਹਿਕ ਸੀ ਜਿਸ ਨੇ ਰੰਗ ਬੰਨ੍ਹ ਦਿੱਤਾ | ਵੱਖੋ-ਵੱਖਰੇ ਵਿਸ਼ਿਆਂ 'ਤੇ ਦਿੱਤੀ ਪੇਸ਼ਕਾਰੀ ਦੀ ਤਰਤੀਬ ਅਤੇ ਸੰਯੋਜਨ ਬੇਹਦ ਖ਼ੂਬਸੂਰਤ ਸੀ | ਗੁਰੂ ਗੀਤਾਂਜਲੀ ਲਾਲ ਦੀ ਸ਼ਗਿਰਦ ਆਸਾਵਰੀ ਸਿੰਘ ਨੇ 'ਗਨੇਸ਼ ਵੰਦਨਾ' ਪ੍ਰਸਤੁਤ ਕਰਨ ਉਪਰੰਤ ਗੀਤਾਂਜਲੀ ਜੀ ਵਲੋਂ ਹੀ ਸੁਰਬੱਧ 'ਤਰਾਨਾ' ਰਚਨਾ ਉੱਤੇ ਆਕਰਸ਼ਕ ਪੇਸ਼ਕਾਰੀ ਦਿੱਤੀ ਜਿਸ ਵਿਚੋਂ ਨਿੱਗਰ ਤਾਲੀਮ ਝਲਕ ਰਹੀ ਸੀ | ਡਾ. ਅਰਸ਼ਦੀਪ ਕੌਰ ਦੀ ਕੱਥਕ ਨਿ੍ਤ ਦੀ ਪੇਸ਼ਕਾਰੀ ਵਿਚੋਂ ਮਿਹਨਤ ਅਤੇ ਤਿਆਰੀ ਸਾਫ਼ ਝਲਕ ਰਹੀ ਸੀ ਜੋ ਉਨ੍ਹਾਂ ਨੇ ਆਪਣੇ ਮਾਰਗ ਦਰਸ਼ਕਾਂ ਨੂੰ ਸਮਰਪਿਤ ਕੀਤੀ | ਨਾਮਵਰ ਨਰਤਕੀ ਵਿਦਿਆਗੌਰੀ ਨੇ ਇਕ ਸੰਗੀਤਕ ਰਚਨਾ 'ਤੇ ਸਿਰਜਣਾ ਭਰਪੂਰ ਨਿ੍ਤ ਪੇਸ਼ਕਾਰੀ ਬੜੇ ਹੀ ਮਨਮੋਹਕ ਢੰਗ ਨਾਲ ਦਿੱਤੀ | ਸਰਬ ਅਕਾਲ ਮਿਊਜ਼ਿਕ ਸੁਸਾਇਟੀ ਦੀ ਭਾਰਤੀ ਇਕਾਈ ਦੇ ਪ੍ਰਧਾਨ ਰਣਜੀਤ ਸਿੰਘ ਨੇ ਵਿਸ਼ੇਸ਼ ਸ਼ਿਰਕਤ ਕੀਤੀ | ਜਨਰਲ ਸਕੱਤਰ ਡਾ. ਰਮਨਦੀਪ ਕੌਰ ਨੇ ਸੁਸਾਇਟੀ ਦੀਆਂ ਕਲਾਤਮਕ ਗਤੀਵਿਧੀਆਂ ਉੱਤੇ ਚਾਨਣਾ ਪਾਇਆ | ਸਮਾਗਮ ਦਾ ਮੁੱਖ ਆਕਰਸ਼ਣ ਗੁਰੂ ਗੀਤਾਂਜਲੀ ਲਾਲ ਦੀ ਪੇਸ਼ਕਾਰੀ ਸੀ ਜਿਨ੍ਹਾਂ ਨੇ ਆਪਣੇ ਵਿਸ਼ਾਲ ਅਨੁਭਵ ਅਤੇ ਨਿ੍ਤ ਕਲਾ ਦੇ ਸਫ਼ਰ ਵਿਚੋਂ ਤਜਰਬੇ ਸਾਂਝੇ ਕਰਦੇ ਹੋਏ ਲੈਅਕਾਰੀ ਦਾ ਕੰਮ ਬਾਖ਼ੂਬੀ ਵਿਖਾਇਆ | ਗੀਤਾਂਜਲੀ ਲਾਲ ਨੇ ਪੰਜਾਬੀ ਯੂਨੀਵਰਸਿਟੀ ਵਿਚਲੇ ਕਲਾਤਮਕ ਮਾਹੌਲ ਦੀ ਵਿਸ਼ੇਸ਼ ਪ੍ਰਸੰਸਾ ਕੀਤੀ ਅਤੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਗੁਰੂ ਗੀਤਾਂਜਲੀ ਲਾਲ ਦੇ ਜੀਵਨ ਅਤੇ ਨਿ੍ਤ ਨੂੰ ਯੋਗਦਾਨ ਉੱਤੇ ਆਧਾਰਿਤ ਇਕ ਡਾਕੂਮੈਂਟਰੀ ਵੀ ਵਿਖਾਈ ਗਈ | ਇਸ ਅਵਸਰ 'ਤੇ ਡਾ. ਬਲਰਾਜ ਸਿੰਘ, ਡੀਨ ਕਾਲਜਾਂ, ਪ੍ਰੋ. ਇੰਦਿਰਾ ਬਾਲੀ, ਡਾ. ਮਨਮੋਹਨ ਸ਼ਰਮਾ, ਡਾ. ਜੀਵਨ ਬਾਲਾ, ਡਾ. ਜਗਮੋਹਨ ਸ਼ਰਮਾ ਮਧੁਰੇਸ਼ ਭੱਟ ਅਤੇ ਡਾ. ਅਮਰਜੀਤ ਭੱਟ ਵਿਸ਼ੇਸ਼ ਰੂਪ ਵਿਚ ਮੌਜੂਦ ਸਨ |