ਪਟਿਆਲਾ, 6 ਮਈ (ਧਰਮਿੰਦਰ ਸਿੰਘ ਸਿੱਧੂ)-ਨਗਰ ਨਿਗਮ ਦੀ ਨਾਕਾਮੀ ਅਤੇ ਇਕ ਨਿੱਜੀ ਕਾਰ ਡੀਲਰ ਦੀ ਧੱਕੇਸ਼ਾਹੀ ਕਾਰਨ ਛੋਟੀ ਬਾਰਾਂਦਰੀ ਦੇ ਬੇਅੰਤ ਸਿੰਘ ਕੰਪਲੈਕਸ ਵਿਖੇ ਇਕ ਪਾਸੇ ਬੰਦ ਹੋਏ ਰਸਤੇ ਕਾਰਨ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ | ਲੰਬੇ ਸਮੇਂ ਤੋਂ ਇਕ ਨਿੱਜੀ ਕਾਰ ਡੀਲਰ ਵਲੋਂ ਬਹੁਗਿਣਤੀ ਵਾਹਨਾਂ ਨੂੰ ਕੰਪਲੈਕਸ 'ਚ ਆਉਣ ਵਾਲੇ ਇਕ ਰਸਤੇ ਦੇ ਮੂਹਰੇ ਖੜ੍ਹਾ ਕੇ ਰਸਤਾ ਬੰਦ ਕਰਨ ਦੇ ਨਾਲ-ਨਾਲ ਧੱਕੇਸ਼ਾਹੀ ਜਿਉਂ ਦੀ ਤਿਉਂ ਜਾਰੀ ਹੈ | ਦੱਸਣਯੋਗ ਹੈ ਕਿ ਬੇਅੰਤ ਸਿੰਘ ਕੰਪਲੈਕਸ ਵਿਖੇ ਵਿਦਿਆਰਥੀਆਂ ਦੀ ਕੋਚਿੰਗ ਲਈ ਕਈ ਅਦਾਰੇ ਹਨ ਜਿਨ੍ਹਾਂ 'ਚ ਰੋਜ਼ਾਨਾ ਵੱਡੀ ਗਿਣਤੀ ਬੱਚਿਆਂ ਵਲੋਂ ਵੱਖ-ਵੱਖ ਸਾਧਨਾਂ ਨਾਲ ਪਹੁੰਚਿਆ ਜਾਂਦਾ ਹੈ | ਇਸ ਤੋਂ ਇਲਾਵਾ ਬੈਂਕਾਂ ਅਤੇ ਵੱਖ-ਵੱਖ ਕੰਮਾਂ-ਕਾਜਾਂ ਨਾਲ ਜੁੜੇ ਉਹ ਦਫ਼ਤਰ ਹਨ ਜਿਹੜੇ ਪਹਿਲਾਂ ਕਦੇ ਵੀ ਕਿਸੇ ਨਾਜਾਇਜ਼ ਕਬਜ਼ੇ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਨੂੰ ਮਜਬੂਰ ਨਹੀਂ ਹੋਏ | ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਇਕ ਨਿੱਜੀ ਕਾਰ ਡੀਲਰ ਵਲੋਂ ਬੇਅੰਤ ਸਿੰਘ ਕੰਪਲੈਕਸ ਦੇ ਇਕ ਹਿੱਸੇ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ 'ਚ ਕਰ ਕੇ ਆਪਣੀਆਂ ਤਕਰੀਬਨ 15-20 ਗੱਡੀਆਂ ਲਗਾ ਕੇ ਇਕ ਪਾਸੇ ਦੇ ਰਸਤੇ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਜਿਸ ਨਾਲ ਜਿੱਥੇ ਆਵਾਜਾਈ 'ਚ ਰੁਕਾਵਟ ਪੈਂਦੀ ਹੈ ਉੱਥੇ ਹੀ ਕਈ ਅਣਜਾਣ ਆਪਣੀਆਂ ਗੱਡੀਆਂ ਨੂੰ ਘੰਟਿਆਂਬੱਧੀ ਫਸੀਆਂ ਮਹਿਸੂਸ ਕਰਦੇ ਹਨ | ਕਈ ਸ਼ੋ-ਰੂਮਾਂ ਦੇ ਮਾਲਕਾਂ ਵਲੋਂ ਇਹ ਵੀ ਕਿਹਾ ਗਿਆ ਕਿ ਨਗਰ ਨਿਗਮ ਅਤੇ ਪ੍ਰਸ਼ਾਸਨ ਨੂੰ ਇਸ ਸੰਬੰਧੀ ਜਾਣਕਾਰੀ ਹੋਣ ਕਾਰਨ ਕਾਰਵਾਈ ਨਾ ਕਰਨਾ ਕਿਸੇ ਮਿਲੀਭੁਗਤ ਦਾ ਸ਼ੱਕ ਜ਼ਾਹਿਰ ਕਰਦਾ ਹੈ | ਉਨ੍ਹਾਂ ਹੋਰ ਕਿਹਾ ਕਿ ਨਗਰ ਨਿਗਮ ਆਪਣਾ ਦਖ਼ਲ ਦੇ ਕੇ ਲੋਕਾਂ ਨੂੰ ਆ ਰਹੀ ਸਮੱਸਿਆ ਦਾ ਹੱਲ ਕਰਵਾਵੇ ਤਾਂ ਜੋ ਕਿਸੇ ਇਕ ਨਿੱਜੀ ਕਾਰ ਡੀਲਰ ਦੀ ਧੱਕੇਸ਼ਾਹੀ ਬੰਦ ਹੋਵੇ ਅਤੇ ਕੰਪਲੈਕਸ ਵਿਖੇ ਆਉਣ ਵਾਲੇ ਵਿਦਿਆਰਥੀ, ਦਫ਼ਤਰੀ ਸਟਾਫ਼ ਆਪਣੇ ਵਾਹਨਾਂ ਨੂੰ ਸੜਕ 'ਤੇ ਖੜ੍ਹਾਉਣ ਲਈ ਮਜਬੂਰ ਨਾ ਹੋਣ |