ਭਾਦਸੋਂ, 6 ਮਈ (ਪ੍ਰਦੀਪ ਦੰਦਰਾਲਾ)-ਪੰਜਾਬ ਸਰਕਾਰ ਵਲੋਂ ਪੂਰੇ ਜੋਰ-ਸ਼ੋਰ ਨਾਲ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਪਰੰਤੂ ਸਚਾਈ ਇਨ੍ਹਾਂ ਬਿਆਨਾਂ ਤੋਂ ਕੋਹਾਂ ਦੂਰ ਜਾਪ ਰਹੀ ਹੈ ਤੇ ਅੱਜ ਅਨਾਜ ਮੰਡੀ ਲੌਟ ਦਾ ਦੌਰਾ ਕਰਨ 'ਤੇ ਵੇਖਿਆ ਗਿਆ ਕਿ ਲੌਟ ਮੰਡੀ ਵਿਚ ਬੋਰੀਆਂ ਦੇ ਵੱਡੇ-ਵੱਡੇ ਅੰਬਾਰ ਲੱਗੇ ਹੋਏ ਹਨ | ਬੋਰੀਆਂ ਦੀ ਚੁਕਾਈ ਕਛੂਆ ਚਾਲ ਚੱਲ ਰਹੀ ਹੈ, ਜਿਸ ਕਰਕੇ ਆੜ੍ਹਤੀਏ ਡਾਹਢੇ ਪ੍ਰੇਸ਼ਾਨ ਹਨ | ਇਸ ਮਸਲੇ ਬਾਰੇ ਲਖਵੀਰ ਸਿੰਘ ਲੌਟ ਸਾ. ਚੇਅਰਮੈਨ ਨੇ ਮਾਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਆਖਿਆ ਕਿ ਸਰਕਾਰ ਦੇ ਦਾਅਵੇ ਸਿਰਫ ਕਾਗ਼ਜ਼ਾਂ ਤੱਕ ਹੀ ਸੀਮਤ ਹਨ ਪਰ ਜ਼ਮੀਨੀ ਪੱਧਰ 'ਤੇ ਕਣਕ ਦਾ ਹਰ ਰੋਜ ਵਜ਼ਨ ਘਟ ਰਿਹਾ ਹੈ ਜਿਸ ਕਰਕੇ ਆੜ੍ਹਤੀਆਂ ਦਾ ਕਾਫੀ ਨੁਕਸਾਨ ਹੋ ਰਿਹਾ | ਉਨ੍ਹਾਂ ਕਿਹਾ ਸਰਕਾਰ ਆੜ੍ਹਤ ਦੇ ਕਾਰੋਬਾਰ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਹੈ ਜਿਸ ਦਾ ਖ਼ਮਿਆਜ਼ਾ ਉਸ ਨੂੰ ਜ਼ਰੂਰ ਭੁਗਤਣਾ ਪਵੇਗਾ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਠੇਕੇਦਾਰ ਦੀ ਲੇਬਰ ਦੀ ਘਾਟ ਕਾਰਨ ਭਰੇ ਗਏ ਟਰੱਕ ਡੀਪੂ ਵਿਚ ਤਿੰਨ ਦਿਨ ਤੱਕ ਨਹੀਂ ਉਤਾਰੇ ਜਾ ਰਹੇ, ਜਿਸ ਕਾਰਨ ਟਰੱਕਾਂ ਵਾਲੇ ਮੰਡੀ ਲੇਬਰ ਤੇ ਆੜ੍ਹਤੀ ਪਰੇਸ਼ਾਨ ਹੋ ਰਹੇ ਹਨ ਪਰ ਸਰਕਾਰ ਕੁੰਭ ਕਰਨੀ ਨੀਂਦ 'ਚ ਸੁੱਤੀ ਪਈ ਹੈ | ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ |