ਪਾਤੜਾਂ, 6 ਮਈ (ਜਗਦੀਸ਼ ਸਿੰਘ ਕੰਬੋਜ)-ਨਗਰ ਕੌਂਸਲ ਪਾਤੜਾਂ ਦੇ ਵਾਰਡ ਨੰਬਰ ਚਾਰ ਦੇ ਰਹਿਣ ਵਾਲੇ ਲੋਕਾਂ ਨੂੰ ਨਵੀ ਕੀਤੀ ਗਈ ਵਾਰਡਬੰਦੀ ਦੌਰਾਨ ਉਨ੍ਹਾਂ ਦੀਆਂ ਵੋਟਾਂ ਹੋਰ ਵਾਰਡ ਤੋਂ ਬਦਲ ਕੇ ਇਸ ਵਾਰਡ ਵਿਚ ਕੀਤੇ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਵਾਰਡ ਵਿਚ ਬਣਿਆ ਇਕਲੌਤੇ ਪਾਰਕ ਵਿਚ ਕੋਈ ਵੀ ਸਹੂਲਤ ਨਾ ਹੋਣ ਕਾਰਨ ਜਿੱਥੇ ਇਸ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਉੱਥੇ ਹੀ ਇਸ ਵਾਰਡ ਦੀਆਂ ਨੀਵੀਂਆਂ ਗਲੀਆਂ ਵਿਚ ਭਰਦਾ ਬਰਸਾਤੀ ਪਾਣੀ ਲੋਕਾਂ ਲਈ ਵੱਡੀ ਮੁਸ਼ਕਿਲ ਦਾ ਕਾਰਨ ਬਣਿਆ ਹੋਇਆ ਹੈ | ਕਾਹਨਗੜ੍ਹ ਅਤੇ ਨਰਵਾਣਾ ਰੋਡ ਦੇ ਵਿਚਕਾਰਲੇ ਮੁਹੱਲਿਆਂ ਵਿਚ ਬਣਿਆ ਹੋਇਆ ਹੈ | ਇਸ ਵਾਰਡ ਵਿਚ ਮਹੰਤਾਂ ਵਾਲੀ ਗਲੀ, ਮਾਈ ਡੇਰਾ ਵਿਸ਼ਵਕਰਮਾ ਮੰਦਰ, ਸੁਨਿਆਰ ਬਸਤੀ ਨਾਭਾ ਕਾਲੋਨੀ ਅਤੇ ਆਨੰਦ ਬਸਤੀ ਦਾ ਕੁਝ ਹਿੱਸਾ ਇਸ ਵਾਰਡ ਵਿਚ ਸ਼ਾਮਲ ਹੈ | ਇਸ ਵਾਰਡ ਵਿਚ ਹੁਣ ਤੱਕ ਅੰਮਿ੍ਤ ਧੁੂਹੜ, ਵਿਜੇ ਗਰਗ ਅਤੇ ਰਾਜੇਸ਼ ਕੁਮਾਰ ਸੋਨੀ ਜਲੂਰ ਕੌਂਸਲਰ ਰਹਿ ਚੁੱਕੇ ਹਨ | ਇਸ ਵਾਰਡ ਵਿਚ ਪੈਂਦੇ ਧਾਰਮਿਕ ਰਵਿਦਾਸ ਮੰਦਰ, ਸੋਹਮ ਆਸ਼ਰਮ ਅਤੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਇਸ ਦੇ ਬਿਲਕੁਲ ਨਾਲ ਲੱਗਦੇ ਹਨ | ਸ਼ਹਿਰ ਦਾ ਪੁਰਾਣਾ ਇਲਾਕਾ ਹੋਣ ਕਾਰਨ ਇਸ ਦੀਆਂ ਗਲੀਆਂ ਨਾਲੀਆਂ ਨੀਵੀਂਆਂ ਪਰ ਪੱਕੀਆਂ ਹਨ | ਵਾਰਡ ਵਾਸੀ ਸਰੂਪ ਚੰਦ ਬਾਂਸਲ, ਗਿੰਦਰਪਾਲ ਮਹਿੰਦਰ ਸਿੰਘ, ਬਲਦੇਵ ਵਰਮਾ ਵਿੱਕੀ ਅਤੇ ਮਨੀਸ਼ ਕੁਮਾਰ ਨੇ ਦੱਸਿਆ ਕਿ ਸਭ ਤੋਂ ਵੱਡੀ ਮੁਸ਼ਕਿਲ ਬਰਸਾਤਾਂ ਦੇ ਦਿਨਾਂ ਵਿਚ ਜਿੱਥੇ ਇਸ ਦੀ ਮਾਈ ਡੇਰੇ ਵਾਲੀ ਗਲੀ ਵਿਚ ਪਾਣੀ ਭਰ ਜਾਂਦਾ ਹੈ | ਜਿੱਥੇ ਨਾਭਾ ਕਾਲੋਨੀ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਉੱਥੇ ਆਨੰਦ ਬਸਤੀ ਦਾ ਇਲਾਕੇ ਦੇ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ | ਤਿੰਨ ਅਤੇ ਚਾਰ ਨੰਬਰ ਵਾਰਡਾਂ ਦੇ ਵਿਚਕਾਰ ਬਣਿਆ ਛੋਟਾ ਜਿਹਾ ਪਾਰਕ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ ਹੈ | ਵਾਰਡ ਵਾਸੀ ਦੀਪਕ ਬਾਂਸਲ ਦੀਪੂ ਨੇ ਦੱਸਿਆ ਕਿ 2 ਨੰਬਰ ਵਾਰਡ ਵਿਚ ਹੁੰਦੀਆਂ ਵੋਟਾਂ ਨੂੰ ਇਸ ਵਾਰ ਚਾਰ ਨੰਬਰ ਵਾਰਡ ਵਿਚ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਇਸ ਤੋਂ ਪਹਿਲਾਂ ਦੋ ਨੰਬਰ ਵਾਰਡ ਵਿਚ ਸਨ | ਸਾਰੇ ਐਡਰੈਸ ਬਦਲ ਜਾਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਲੀਡਰ ਨੂੰ ਇਸ ਮੁਹੱਲੇ 'ਚੋਂ ਵੋਟਾਂ ਨਹੀਂ ਪੈਂਦੀਆਂ ਅਤੇ ਉਹ ਸੱਤਾ ਵਿਚ ਆਉਣ 'ਤੇ ਲੋਕਾਂ ਨੂੰ ਵਾਰਡ ਤੋਂ ਬਾਹਰ ਕਰ ਦਿੰਦਾ ਹੈ | ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਜਿਹੜੀ ਸੱਤਾ ਸਾਰੀ ਪਾਰਟੀ ਉਨ੍ਹਾਂ ਦੀਆਂ ਵੋਟਾਂ ਬਦਲ ਕੇ ਦੂਜੇ ਵਾਰਡ 'ਚ ਕਰੇਗੀ ਉਸ ਦੇ ਉਮੀਦਵਾਰ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ |