ਪਾਤੜਾਂ, 11 ਮਈ (ਜਗਦੀਸ਼ ਸਿੰਘ ਕੰਬੋਜ)-ਦੇਰ ਰਾਤ ਪਾਤੜਾਂ ਸ਼ਹਿਰ 'ਚ ਇਕ ਦੁਕਾਨ 'ਚ ਅੱਗ ਲੱਗਣ ਨਾਲ ਲੱਖਾਂ ਵਾਸ਼ਿੰਗ ਮਸ਼ੀਨਾਂ, ਫ਼ਰਿਜਾਂ ਅਤੇ ਐਲ.ਸੀ.ਡੀਜ਼ ਸਮੇਤ ਹੋਰ ਬਹੁਤ ਸਾਰੇ ਇਲੈਕਟ੍ਰੋਨਿਕਸ ਉਪਕਰਨ ਸੜ ਕੇ ਸਵਾਹ ਹੋ ਗਏ | ਜਿਸ ਦੀਆਂ ਕੀਮਤ ਮਾਲਕ ਵਲੋਂ ਲੱਖਾਂ ਰੁਪਏ ਦੱਸੀ ਜਾ ਰਹੀ ਹੈ | ਇਸ ਦੇ ਪਤਾ ਲੱਗਦੇ ਵੱਡੀ ਗਿਣਤੀ 'ਚ ਪੁੱਜੇ ਸ਼ਾਹ ਸਤਨਾਮ ਜੀ.ਐੱਸ. ਵੈੱਲਫੇਅਰ ਫੋਰਸ ਦੇ ਵਲੰਟੀਅਰਾਂ ਵਲੋਂ ਅੱਗ ਬੁਝਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ | ਉੱਥੇ ਸੂਚਨਾ ਦਿੱਤੇ ਜਾਣ 'ਤੇ ਪੁੱਜੀ ਫਾਇਰਬ੍ਰੇਗਡ ਦੀ ਗੱਡੀ ਨਾਲ ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਢੁੰਡਿਆਲ ਰੋਡ 'ਤੇ ਸਥਿਤ ਜੇ.ਬੀ.ਬੀ. ਇੰਟਪ੍ਰਾਈਜਜ਼ 'ਚੋਂ ਲੋਕਾਂ ਨੂੰ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦਿੱਤੀਆਂ | ਜਿਸ ਦਾ ਪਤਾ ਲੱਗਦੇ ਹੀ ਸ਼ਹਿਰ ਦੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਅਤੇ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੇਰ-ਰਾਤ ਸਾਨੂੰ ਪਤਾ ਲੱਗਿਆ ਕਿ ਭੁਪਿੰਦਰ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਪਾਤੜਾਂ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ ਜਦੋਂ ਅਸੀ ਆ ਕੇ ਦੇਖਿਆ ਤਾਂ ਅੱਗ ਬਹੁਤ ਫੈਲ ਚੁੱਕੀ ਸੀ ਅਤੇ ਇਸ ਦੀਆਂ ਲਪਟਾਂ ਦੂਰ ਤੋਂ ਦਿਖਾਈ ਦੇ ਰਹੀਆਂ ਸਨ | ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੇ ਜਾਣ 'ਤੇ ਆਈ ਪੁਲਿਸ ਵਲੋਂ ਜਿੱਥੇ ਅੱਗ ਬੁਝਾਉਣ 'ਚ ਸਾਥ ਦਿੱਤਾ ਗਿਆ ਉੱਥੇ ਹੀ ਆਈ ਫਾਇਰਬਿ੍ਗੇਡ ਦੀ ਗੱਡੀ ਨੇ ਬਹੁਤ ਹੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ ਹੈ | ਜੇਕਰ ਫਾਇਰਬਿ੍ਗੇਡ ਸਮੇਂ ਸਿਰ ਨਾ ਪੁੱਜਦੀ ਤਾਂ ਇਹ ਅੱਗ ਨਾਲ ਵਾਲੀਆਂ ਦੁਕਾਨਾਂ 'ਚ ਫੈਲਣ ਨਾਲ ਹੋਰ ਭਾਰੀ ਨੁਕਸਾਨ ਹੋ ਸਕਦਾ ਸੀ ਅਤੇ ਇਸ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ, ਪੂਰਾ ਅੰਦਾਜ਼ਾ ਸਾਰੇ ਸਾਮਾਨ ਦੀ ਪੜਤਾਲ ਕਰਨ ਮਗਰੋਂ ਹੀ ਲਾਇਆ ਜਾ ਸਕੇਗਾ | ਇੱਥੇ ਮੌਜੂਦ ਸ਼ਹਿਰ ਵਾਸੀਆ ਨੇ ਕਿਹਾ ਕਿ ਪਾਤੜਾਂ ਵਿਚ ਕੋਈ ਫਾਇਰਬਿ੍ਗੇਡ ਦਾ ਪੱਕਾ ਪ੍ਰਬੰਧ ਨਹੀਂ ਕੀਤਾ ਜਾ ਸਕਿਆ ਅਤੇ ਜਦੋਂ ਵੀ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਦੂਜੇ ਸ਼ਹਿਰ 'ਚ ਆਉਂਦੀ ਫਾਇਰਬਿ੍ਗੇਡ ਨੂੰ ਆਉਣ 'ਤੇ ਸਮਾਂ ਲੱਗ ਜਾਣ ਕਾਰਨ ਕਈ ਵਾਰ ਦੁਕਾਨਦਾਰਾਂ ਦਾ ਲੱਖਾਂ ਰੁਪਿਆਂ ਦਾ ਸਾਮਾਨ ਸੜ ਚੁੱਕੇ ਇਨ੍ਹਾਂ ਨੇ ਮੰਗ ਕੀਤੀ ਕਿ ਪਾਤੜਾਂ 'ਚ ਪੱਕੇ ਤੌਰ 'ਤੇ ਫਾਇਰਬਿ੍ਗੇਡ ਦਾ ਪ੍ਰਬੰਧ ਕੀਤਾ ਜਾਵੇ |