ਪਟਿਆਲਾ, 11 ਮਈ (ਮਨਦੀਪ ਸਿੰਘ ਖਰੌੜ)-ਅਰਬਨ ਅਸਟੇਟ ਲਾਗੇ ਤੋਂ ਨੌਜਵਾਨ ਨੂੰ ਜਬਰੀ ਗੱਡੀ 'ਚ ਸੁੱਟ ਕੇ ਮੋਟਰ 'ਤੇ ਲਿਜਾਉਣ, ਕੁੱਟਮਾਰ ਕਰਲ ਅਤੇ ਬਿਨਾਂ ਕੱਪੜਿਆਂ ਤੋਂ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਪੀੜਤ ਨੇ ਥਾਣਾ ਅਰਬਨ ਅਸਟੇਟ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਦੋਸਤ ਨਾਲ ਫੇਜ਼-2 ਅਰਬਨ ਅਸਟੇਟ ਦੀ ਮਾਰਕੀਟ 'ਚ ਗਿਆ ਸੀ ਇਸ ਦੌਰਾਨ ਅਣਪਛਾਤੇ ਵਿਅਕਤੀ ਗੱਡੀ 'ਚ ਆਏ ਅਤੇ ਉਨ੍ਹਾਂ ਨੇ ਉਸ ਦੀ ਘੇਰ ਕੇ ਕੁੱਟਮਾਰ ਕੀਤੀ ਅਤੇ ਜਬਰਦਸਤੀ ਉਸ ਨੂੰ ਗੱਡੀ 'ਚ ਸੁੱਟ ਕੇ ਟੁਰਨਾ ਪੈਲੇਸ ਲਾਗੇ ਇਕ ਮੋਟਰ 'ਤੇ ਲੈ ਗਏ | ਜਿਥੇ ਜਸਕਰਨ ਸਿੰਘ ਨੇ ਰਿਵਾਲਵਰ ਕੱਢ ਕੇ ਉਸ 'ਤੇ ਮੁੱਠੇ ਦਾ ਵਾਰ ਕੀਤਾ ਤੇ ਮੋਟਰ 'ਤੇ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ | ਇਸ ਦੌਰਾਨ ਮੁਲਜ਼ਮਾਂ ਨੇ ਉਸ ਦੀ ਬਿਨਾਂ ਕੱਪੜਿਆਂ ਤੋਂ ਵੀਡੀਓ ਬਣਾ ਕੇ ਬਾਅਦ 'ਚ ਉਸ ਨੂੰ ਬੱਸ ਸਟੈਂਡ ਲਾਗੇ ਸੁੱਟ ਕੇ ਚਲੇ ਗਏ | ਜਿਸ ਆਧਾਰ 'ਤੇ ਪੁਲਿਸ ਨੇ ਜਸਕਰਨ ਸਿੰਘ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਇਸ ਸੰਬੰਧੀ ਡੀ.ਐਸ.ਪੀ. ਸਿਟੀ-2 ਨੇ ਦਸਿਆ ਕਿ ਪੁਲਿਸ ਇਸ ਮਾਮਲੇ 'ਚ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ ਅਤੇ ਪੜਤਾਲ ਪੂਰੀ ਹੋਣ ਤੋਂ ਬਾਅਦ ਹੀ ਇਸ ਘਟਨਾ ਦੇ ਕਾਰਨਾਂ ਬਾਰੇ ਦਸਿਆ ਜਾ ਸਕਦਾ ਹੈ |