ਨਗਰ ਕੌਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ 23 ਦੇ 23 ਵਾਰਡਾਂ 'ਚ ਇਤਿਹਾਸਿਕ ਜਿੱਤ ਦਰਜ ਕਰੇਗੀ-ਦੇਵਮਾਨ
ਅਜੀਤ ਡੈਸਕ
13-05-2026
ਨਾਭਾ, 12 ਮਈ (ਜਗਨਾਰ ਸਿੰਘ ਦੁਲੱਦੀ)-ਆਮ ਆਦਮੀ ਪਾਰਟੀ ਨਗਰ ਕੌਂਸਲ ਚੋਣਾਂ ਵਿਕਾਸ ਦੇ ਮੁੱਦੇ 'ਤੇ ਲੜੇਗੀ, ਕਿਉਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਭਰ ਦੇ ਨਾਲ ਨਾਲ ਨਾਭਾ ਸ਼ਹਿਰ ਤੇ ਪਿੰਡਾਂ ਦਾ ਰਿਕਾਰਡ ਤੋੜ ਵਿਕਾਸ ਕਰਵਾਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਅਤੇ ਨਗਰ ਕੌਂਸਲ ਚੋਣਾਂ ਲਈ ਨਿਯੁਕਤ ਕੀਤੇ ਸਕਰੀਨਿੰਗ ਕਮੇਟੀ ਮੈਂਬਰ ਹਰਪਾਲ ਸਿੰਘ ਵਿਰਕ ਨੇ ਵਿਧਾਇਕ ਦੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਜੋ ਪਾਰਟੀ ਪ੍ਰਤੀ ਇਮਾਨਦਾਰ ਅਤੇ ਸ਼ਹਿਰ ਵਾਸੀਆਂ ਦੀ ਇਮਾਨਦਾਰੀ ਤੇ ਤਨਦੇਹੀ ਨਾਲ ਸੇਵਾ ਕਰ ਸਕਦੇ ਹਨ ਉਨ੍ਹਾਂ ਚੋਣਾਂ ਲੜਨ ਦੇ ਚਾਹਵਾਨ ਵਿਅਕਤੀਆਂ ਕੋਲੋਂ ਅਰਜੀਆਂ ਮੰਗੀਆਂ ਗਈਆਂ ਸਨ ਜਿਨ੍ਹਾਂ ਵਲੋਂ ਜਮ੍ਹਾਂ ਕਰਵਾ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਦੀ ਜਾਂਚ ਲਈ ਸਕਰੀਨਿੰਗ ਕਮੇਟੀ ਨੂੰ ਅੱਜ ਸ਼ਾਮ ਤੱਕ ਭੇਜ ਦਿੱਤਾ ਜਾਵੇਗਾ | ਵਿਧਾਇਕ ਦੇਵ ਮਾਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਹ ਸ਼ਹਿਰ ਦਾ ਵਿਕਾਸ ਚਾਹੁੰਦੇ ਹਨ ਤਾਂ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਧਿਆਉਣ ਤਾਂ ਜੋ ਬਿਨਾਂ ਪੱਖ ਭਾਰਤ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਸ਼ਹਿਰ ਦੇ ਵਿਕਾਸ ਕਾਰਜ ਕਰਵਾਏ ਜਾ ਸਕਣ | ਇਸ ਮੌਕੇ ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਧਰਮਿੰਦਰ ਸਿੰਘ ਸੁੱਖੇਵਾਲ, ਮਨਪ੍ਰੀਤ ਸਿੰਘ ਕਾਲੀਆ, ਭੁਪਿੰਦਰ ਸਿੰਘ ਕੱਲਰਮਾਜਰੀ ਆਦਿ ਮੌਜੂਦ ਸਨ |