ਪਟਿਆਲਾ, 13 ਮਈ (ਅ.ਸ. ਆਹਲੂਵਾਲੀਆ)-ਪਟਿਆਲਾ ਦਿਹਾਤੀ ਹਲਕੇ ਦੇ ਫ਼ੈਕਟਰੀ ਏਰੀਆ ਵਿਚ ਲਗਾਤਾਰ ਵੱਧ ਰਹੀ ਗੰਦਗੀ ਅਤੇ ਕੂੜੇ ਦੇ ਢੇਰਾਂ ਕਾਰਨ ਇਲਾਕਾ ਵਾਸੀਆਂ ਲਈ ਗੰਭੀਰ ਸਿਹਤ ਸੰਬੰਧੀ ਖ਼ਤਰੇ ਪੈਦਾ ਹੋ ਰਹੇ ਹਨ | ਇਲਾਕੇ ਦੇ ਲੋਕਾਂ ਵਲੋਂ ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ | ਇਸ ਮਾਮਲੇ ਨੂੰ ਉਠਾਉਂਦਿਆਂ ਪਟਿਆਲਾ ਦਿਹਾਤੀ ਹਲਕੇ ਤੋਂ ਭਾਜਪਾ ਦੇ ਸਰਗਰਮ ਲੀਡਰ ਗੁਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਫ਼ੈਕਟਰੀ ਇਲਾਕੇ ਵਿਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿੱਥੇ ਚੂਹੇ ਬੇਰੋਕ-ਟੋਕ ਘੁੰਮ ਰਹੇ ਹਨ ਅਤੇ ਗਾਵਾਂ ਸਮੇਤ ਹੋਰ ਆਵਾਰਾ ਪਸ਼ੂ ਇਸ ਗੰਦਗੀ 'ਚੋਂ ਖਾਣ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਇਹ ਹਾਲਾਤ ਕਿਸੇ ਵੀ ਵੇਲੇ ਇਲਾਕੇ 'ਚ ਭਿਆਨਕ ਬਿਮਾਰੀਆਂ ਅਤੇ ਇਨਫੈਕਸ਼ਨ ਫੈਲਣ ਦਾ ਕਾਰਨ ਬਣ ਸਕਦੇ ਹਨ | ਇਲਾਕਾ ਵਾਸੀ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰ ਰਹੇ ਹਨ | ਗੁਰਜੀਤ ਸਿੰਘ ਕੋਹਲੀ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਨੂੰ ਝੂਠੇ ਇਸ਼ਤਿਹਾਰਾਂ ਅਤੇ ਪ੍ਰਚਾਰ 'ਤੇ ਕਰੋੜਾਂ ਰੁਪਏ ਖ਼ਰਚਣ ਦੀ ਬਜਾਏ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਦੇਣ 'ਤੇ ਧਿਆਨ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਫ਼ਾਈ, ਸੀਵਰੇਜ, ਕੂੜਾ ਪ੍ਰਬੰਧਨ ਅਤੇ ਲੋਕ ਸਿਹਤ ਵਰਗੇ ਮੁੱਦੇ ਸਰਕਾਰ ਦੀ ਪਹਿਲ ਹੋਣੇ ਚਾਹੀਦੇ ਹਨ | ਉਨ੍ਹਾਂ ਸੰਬੰਧਿਤ ਵਿਭਾਗਾਂ ਅਤੇ ਨਗਰ ਨਿਗਮ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਇਲਾਕੇ ਦੀ ਸਫ਼ਾਈ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਦੇਣ ਦੀ ਅਪੀਲ ਕੀਤੀ | ਗੁਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਇਹ ਪਟਿਆਲਾ ਦੇਹਾਤੀ ਹਲਕੇ ਦੀ ਬਦਕਿਸਮਤੀ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਜੋ ਇਸ ਇਲਾਕੇ ਦੇ ਵਿਧਾਇਕ ਵੀ ਹਨ, ਦਾ ਘਰ ਇੱਥੋਂ ਸਿਰਫ਼ 2 ਕਿੱਲੋਮੀਟਰ ਦੀ ਦੂਰੀ 'ਤੇ ਹੈ, ਫਿਰ ਵੀ ਉਨ੍ਹਾਂ ਦੇ ਆਪਣੇ ਹਲਕੇ ਵਿਚ ਇਹ ਹਾਲਾਤ ਹਨ | ਉਨ੍ਹਾਂ ਕਿਹਾ ਕਿ ਜੇ ਮੰਤਰੀ ਦੇ ਆਪਣੇ ਇਲਾਕੇ ਦੀ ਇਹ ਸਥਿਤੀ ਹੈ ਤਾਂ ਬਾਕੀ ਪੰਜਾਬ ਦਾ ਕੀ ਹਾਲ ਹੋਵੇਗਾ, ਇਸ ਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ |