ਨੌਜਵਾਨ ਆਗੂ ਗੁਰਦੇਵ ਸਿੰਘ ਟਿਵਾਣਾ ਬਣੇ ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਚੇਅਰਮੈਨ, ਬਿੰਦਰ ਕੌਰ ਦੀ ਉਪ ਚੇਅਰਪਰਸਨ ਵਜੋਂ ਚੋਣ
ਅਜੀਤ ਡੈਸਕ
16-05-2026
ਪਟਿਆਲਾ, 15 ਮਈ (ਧਰਮਿੰਦਰ ਸਿੰਘ ਸਿੱਧੂ)-ਅੱਜ ਨੌਜਵਾਨ ਆਗੂ ਗੁਰਦੇਵ ਸਿੰਘ ਟਿਵਾਣਾ ਨੂੰ ਅੱਜ ਜ਼ਿਲ੍ਹਾ ਪਰਿਸ਼ਦ ਪਟਿਆਲਾ ਦਾ ਚੇਅਰਮੈਨ ਚੁਣਿਆ ਗਿਆ ਹੈ | ਉਨ੍ਹਾਂ ਦੇ ਨਾਲ ਬਿੰਦਰ ਕੌਰ ਦੀ ਉਪ ਚੇਅਰਪਰਸਨ ਵਜੋਂ ਚੋਣ ਕੀਤੀ ਗਈ ਹੈ | ਸਰਬਸੰਮਤੀ ਨਾਲ ਚੁਣੇ ਗਏ ਇਨ੍ਹਾਂ ਦੋਵਾਂ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੀ ਮੌਜੂਦਗੀ ਵਿਚ ਆਪਣੇ ਅਹੁਦੇ ਸੰਭਾਲੇ | ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਾਰਟੀ ਦੇ ਮਿਹਨਤੀ ਅਤੇ ਇਮਾਨਦਾਰ ਸਾਥੀ ਗੁਰਦੇਵ ਸਿੰਘ ਟਿਵਾਣਾ ਨੂੰ ਚੇਅਰਮੈਨ ਅਤੇ ਬੀਬੀ ਬਿੰਦਰ ਕੌਰ ਨੂੰ ਵਾਈਸ ਚੇਅਰਪਰਸਨ ਚੁਣੇ ਜਾਣ 'ਤੇ ਮੁਬਾਰਕਾਂ ਦਿੰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਦੋਵੇਂ ਆਗੂ ਲੋਕ ਸੇਵਾ ਦੀ ਭਾਵਨਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪਟਿਆਲਾ ਦੇ ਵਿਕਾਸ ਨੂੰ ਹੋਰ ਮਜ਼ਬੂਤ ਕਰਨਗੇ | ਉਨ੍ਹਾਂ ਹੋਰ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹਮੇਸ਼ਾ ਲੋਕਾਂ ਨਾਲ ਜੁੜੇ ਆਗੂਆਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ | ਚੇਅਰਮੈਨ ਗੁਰਦੇਵ ਸਿੰਘ ਟਿਵਾਣਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਡਾ. ਬਲਬੀਰ ਸਿੰਘ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਹਰਪਾਲ ਸਿੰਘ ਵਿਰਕ, ਚੇਅਰਮੈਨ ਮਾਰਕੀਟ ਕਮੇਟੀ ਸਮਾਣਾ ਬਲਕਾਰ ਸਿੰਘ ਗੱਜੂਮਾਜਰਾ, ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ ਸਮੇਤ ਹੋਰ ਆਗੂ ਹਾਜ਼ਰ ਸਨ |