25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

'ਮੇਰਾ ਪਟਿਆਲਾ ਮੈਂ ਹੀ ਸਵਾਰਾਂ' ਟੀਮ ਨੇ ਕੂੜੇ ਦੇ ਢੇਰ ਨੂੰ ਖ਼ੂਬਸੂਰਤ ਬਟਰਫਲਾਈ ਤੇ ਹਰਬਲ ਪਾਰਕ ਵਿਚ ਬਦਲਿਆ

Ad Position 21
No active advertisement
ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਬਟਰਫਲਾਈ ਤੇ ਹਰਬਲ ਪਾਰਕ ਦਾ ਉਦਘਾਟਨ ਕਰਦਿਆਂ ਓਪਨ ਜਿੰਮ ਲੋਕਾਂ ਨੂੰ ਸਮਰਪਿਤ ਕਰਦੇ ਹੋਏ | ਅਜੀਤ ਤਸਵੀਰ <br/> 18-05-2026
ਪਟਿਆਲਾ, 17 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਸ਼ਹਿਰ ਦੀਆਂ ਸੜਕਾਂ ਦੇ ਕਿਨਾਰਿਆਂ ਤੋਂ ਆਪਣੀਆਂ 74 ਸਫ਼ਾਈ ਮੁਹਿੰਮਾਂ ਰਾਹੀਂ ਕਰੀਬ 30 ਹਜ਼ਾਰ ਕਿੱਲੋ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਹੋਰ ਕੂੜਾ ਇਕੱਠਾ ਕਰਨ ਵਾਲੀ 'ਮੇਰਾ ਪਟਿਆਲਾ ਮੈਂ ਹੀ ਸਵਾਰਾਂ' ਟੀਮ ਨੇ ਵਾਤਾਵਰਨ ਪਾਰਕ, ਜੇਲ੍ਹ ਰੋਡ ਨੇੜੇ ਮੰਦਰ ਕੋਲ ਕੂੜੇ ਦੇ ਢੇਰ ਅਤੇ ਝਾੜੀਆਂ ਨਾਲ ਭਰੇ ਇਕ ਕੋਨੇ ਨੂੰ ਖ਼ੂਬਸੂਰਤ ਬਟਰਫਲਾਈ ਤੇ ਹਰਬਲ ਪਾਰਕ ਵਿਚ ਤਬਦੀਲ ਕਰਕੇ ਸ਼ਹਿਰ ਲਈ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ | ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਅੱਜ ਇਸ ਬਟਰਫਲਾਈ ਤੇ ਹਰਬਲ ਪਾਰਕ ਦਾ ਉਦਘਾਟਨ ਕਰਦਿਆਂ ਇੱਥੇ ਸਥਾਪਤ ਓਪਨ ਜਿੰਮ ਲੋਕਾਂ ਨੂੰ ਸਮਰਪਿਤ ਕੀਤਾ | ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 'ਮੇਰਾ ਪਟਿਆਲਾ ਮੈਂ ਹੀ ਸਵਾਰਾਂ' ਮੁਹਿੰਮ ਨਾਲ ਜੁੜ ਕੇ ਪਟਿਆਲਾ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਆਪਣਾ ਯੋਗਦਾਨ ਪਾਉਣ | ਮੇਅਰ ਗੋਗੀਆ ਨੇ ਟੀਮ ਦੇ ਵਲੰਟੀਅਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ, ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਪਟਿਆਲਾ ਨੂੰ ਸੁੰਦਰ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਵਚਨਬੱਧ ਹਨ | ਇਸ ਮੌਕੇ ਐੱਚ.ਪੀ.ਐਸ. ਲਾਂਬਾ ਨੇ ਕਿਹਾ ਕਿ ਕਿਸੇ ਸਮੇਂ ਨਸ਼ੇੜੀਆਂ ਦਾ ਅੱਡਾ ਬਣੇ ਇਸ ਸਥਾਨ ਵਿੱਚ ਵਿਕਸਤ ਬਟਰਫਲਾਈ ਤੇ ਹਰਬਲ ਪਾਰਕ ਨੂੰ ਆਉਂਦੇ ਛੇ ਮਹੀਨਿਆਂ ਦੇ ਅੰਦਰ ਸ਼ਹਿਰ ਦੇ ਸਭ ਤੋਂ ਖ਼ੂਬਸੂਰਤ ਅਤੇ ਆਕਰਸ਼ਕ ਸਥਾਨਾਂ ਵਿੱਚ ਸ਼ਾਮਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ 'ਮੇਰਾ ਪਟਿਆਲਾ ਮੈਂ ਹੀ ਸਵਾਰਾਂ' ਮੁਹਿੰਮ ਨੇ ਸਿਰਫ਼ ਇੱਕ ਪਾਰਕ ਹੀ ਵਿਕਸਿਤ ਨਹੀਂ ਕੀਤਾ, ਸਗੋਂ ਪਟਿਆਲਾ ਵਿੱਚ ਲੋਕ ਭਾਗੀਦਾਰੀ ਨਾਲ ਸਫ਼ਾਈ ਅਤੇ ਸੁੰਦਰੀਕਰਨ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸ਼ਹਿਰ ਵਿੱਚ ਸਫ਼ਾਈ ਅਤੇ ਵਾਤਾਵਰਨ ਸੰਭਾਲ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਨਾਗਰਿਕ ਭਾਗੀਦਾਰੀ ਨੂੰ ਵੀ ਹੋਰ ਮਜ਼ਬੂਤ ਕਰੇਗੀ | ਕਰਨਲ ਕਰਮਿੰਦਰ ਸਿੰਘ ਨੇ ਬਟਰਫਲਾਈ ਤੇ ਹਰਬਲ ਪਾਰਕ ਦੇ ਉਦਘਾਟਨ ਮੌਕੇ ਸਾਰੇ ਵਾਰੀਅਰਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸੁੰਦਰ ਤਬਦੀਲੀ ਦੇ ਪਿੱਛੇ ਅਣਗਿਣਤ ਘੰਟਿਆਂ ਦੀ ਸਫ਼ਾਈ, ਪੇਂਟਿੰਗ, ਸਕ੍ਰੈਪਿੰਗ, ਯੋਜਨਾਬੰਦੀ, ਸੁੰਦਰੀਕਰਨ ਅਤੇ ਟੀਮ ਦੀ ਅਣਥੱਕ ਮਿਹਨਤ ਸ਼ਾਮਲ ਹੈ | ਉਨ੍ਹਾਂ ਕਿਹਾ ਕਿ ਹਰ ਵਿਅਕਤੀ, ਭਾਵੇਂ ਉਹ ਪਰਦੇ ਪਿੱਛੇ ਕੰਮ ਕਰ ਰਿਹਾ ਹੋਵੇ ਜਾਂ ਮੌਕੇ 'ਤੇ, ਇਸ ਮੁਹਿੰਮ ਦੀ ਸਫਲਤਾ ਵਿੱਚ ਬਰਾਬਰ ਦਾ ਭਾਗੀਦਾਰ ਹੈ | ਇਸ ਦੌਰਾਨ ਨਗਰ ਨਿਗਮ ਦੇ ਸੈਨੇਟਰੀ ਇੰਚਾਰਜ ਹਰਵਿੰਦਰ ਸਿੰਘ, ਜਗਤਾਰ ਸਿੰਘ, ਰਿਸਭ, ਮੋਹਿਤ, ਇੰਦਰਜੀਤ ਸਿੰਘ, ਰਜੇਸ਼ ਮੱਟੂ, ਜੰਗਲਾਤ ਵਿਭਾਗ ਦੇ ਬੀਟ ਇੰਚਾਰਜ ਬਿੱਟੂ ਸਿੰਘ ਗਿੱਲ, ਰਮਨਪ੍ਰੀਤ ਸਿੰਘ, ਆਰਟ ਟੀਚਰ ਨਗਿੰਦਰ ਸਿੰਘ ਅਤੇ ਹੋਰਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਕੈਪਟਨ ਸੁਖਜੀਤ ਕੌਰ ਨੇ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਨੂੰ ਲੈ ਕੇ ਅਜੇ ਵੀ ਕਈ ਚੁਨੌਤੀਆਂ ਮੌਜੂਦ ਹਨ ਅਤੇ ਖ਼ਾਸ ਕਰਕੇ ਘਰਾਂ ਵਿਚੋਂ ਨਿਕਲਣ ਵਾਲੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਕੇ ਦੇਣ ਦੀ ਬਜਾਏ ਖ਼ਾਲੀ ਪਲਾਟਾਂ ਅਤੇ ਸੜਕਾਂ ਕਿਨਾਰੇ ਸੁੱਟਣ ਦੀ ਪ੍ਰਵਿਰਤੀ ਨੂੰ ਰੋਕਣਾ ਸਮੇਂ ਦੀ ਮੁੱਖ ਲੋੜ ਹੈ | ਇਸ ਮੌਕੇ ਐਨ.ਆਈ.ਐਸ. ਦੇ ਐਸ.ਈ.ਡੀ. ਵਿਨੀਤ ਕੁਮਾਰ, ਪ੍ਰੋ. ਅਸ਼ੋਕ ਵਰਮਾ, ਰਕੇਸ਼ ਕੱਦ, ਪ੍ਰਵੇਸ਼ ਮੰਗਲਾ, ਰਜੀਵ ਚੋਪੜਾ, ਨਵਰੀਤ ਸੰਧੂ, ਗੁਰਪ੍ਰੀਤ ਦੁਲਟ, ਸਿਮਰਨ ਹਰੀਕਾ ਤੇ ਸੀ.ਐਮ. ਕੌੜਾ ਸਮੇਤ ਹੋਰ ਵਲੰਟੀਅਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ, ਜੀਵਨ ਅਤੇ ਸਿਧਾਂਤਾਂ ਨਾਲ ਸੰਬੰਧਿਤ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਮਾਲਵਾ ਇਨਕਲੇਵ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ
Ad Position 24