17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਡੀ.ਟੀ.ਐਫ. ਵਲੋਂ ਜਨਗਣਨਾ ਡਿਊਟੀਆਂ 'ਚ ਬੇਨਿਯਮੀਆਂ ਖ਼ਿਲਾਫ਼ ਐੱਸ.ਡੀ.ਐਮ. ਦਫ਼ਤਰ ਦਾ ਘਿਰਾਓ

Ad Position 21
No active advertisement
ਅਜੀਤ ਡੈਸਕ 19-05-2026
ਸਮਾਣਾ, 18 ਮਈ (ਹਰਵਿੰਦਰ ਸਿੰਘ ਟੋਨੀ)-ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਬਲਾਕ ਕਮੇਟੀ ਸਮਾਣਾ ਵਲੋਂ ਅੱਜ ਤਹਿਸੀਲ ਸਮਾਣਾ ਵਿਖੇ ਜਨਗਣਨਾ ਡਿਊਟੀਆਂ ਲਗਾਉਣ ਅਤੇ ਕੱਟਣ ਦੇ ਸਮੇਂ ਹੋ ਰਹੀਆਂ ਬੇਨਿਯਮੀਆਂ ਅਤੇ ਪੱਖਪਾਤ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਐੱਸ.ਡੀ.ਐਮ. ਦਫ਼ਤਰ ਦਾ ਘਿਰਾਓ ਕੀਤਾ ਅਤੇ ਮੰਗ ਪੱਤਰ ਸੌਂਪਿਆ | ਜਥੇਬੰਦੀ ਨੇ ਮੰਗ ਕੀਤੀ ਕਿ ਜਨਗਣਨਾ ਪ੍ਰਕਿਰਿਆ ਦੌਰਾਨ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਲਗਾਈਆਂ ਜਾਣ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐਮ.ਐਫ. ਦੇ ਸੂਬਾ ਸਕੱਤਰ ਹਰਦੀਪ ਟੋਡਰਪੁਰ, ਡੀ.ਟੀ.ਐਫ. ਦੇ ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਸਿੰਘ ਸਮਾਣਾ ਅਤੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਬੇਲੂਮਾਜਰਾ ਨੇ ਦੱਸਿਆ ਕਿ ਮੌਜੂਦਾ ਸਮੇਂ ਜਨਗਣਨਾ ਲਈ ਡਿਊਟੀਆਂ ਲਗਾਉਣ ਵਿਚ ਵੱਡੇ ਪੱਧਰ 'ਤੇ ਅਸੰਤੁਲਨ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਅਧਿਆਪਕ ਵਰਗ ਵੀ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਰਿਹਾ ਹੈ | ਇਸੇ ਤਰ੍ਹਾਂ ਬਲਾਕ ਸਮਾਣਾ-3 ਵਿਚ ਪੈਂਦੇ ਸਰਕਾਰੀ ਹਾਈ ਸਕੂਲ ਬੇਲੂਮਾਜਰਾ ਵਿਖੇ ਸਿਰਫ਼ ਦੋ ਅਧਿਆਪਕ ਨਿਯੁਕਤ ਹਨ ਅਤੇ ਦੋਵੇਂ ਅਧਿਆਪਕਾਂ ਦੀ ਜਨਗਣਨਾ ਵਿਚ ਡਿਊਟੀ ਲਗਾ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੰਬੰਧੀ ਇਕ ਵਫ਼ਦ 15 ਮਈ ਨੂੰ ਐੱਸ.ਡੀ.ਐਮ. ਨੂੰ ਮਿਲਣ ਗਿਆ ਸੀ ਜਿਸ ਵਿਚ ਕਪਲ ਕੇਸ ਅਤੇ ਮੈਡੀਕਲ ਸਮੱਸਿਆ ਕਾਰਨ ਡਿਊਟੀ ਤੋਂ ਛੋਟ, ਦੋ ਸਾਲ ਤੋਂ ਛੋਟੇ ਬੱਚਿਆਂ ਦੀਆਂ ਮਾਵਾਂ ਅਤੇ ਗਰਭਵਤੀ ਔਰਤਾਂ ਨੂੰ ਡਿਊਟੀ ਤੋਂ ਛੋਟ, ਕਿਸੇ ਵੀ ਸਕੂਲ ਵਿਚੋਂ 50 ਫ਼ੀਸਦੀ ਤੋਂ ਵੱਧ ਅਧਿਆਪਕਾਂ ਦੀ ਡਿਊਟੀ ਨਾ ਲਾਏ ਜਾਣ, ਸਿੰਗਲ ਪੇਰੈਂਟ ਨੂੰ ਡਿਊਟੀ ਤੋਂ ਛੋਟ, ਜਨਗਣਨਾ ਡਿਊਟੀ ਦੂਸਰੇ ਬਲਾਕਾਂ ਜਾਂ ਦੂਰ-ਦੁਰਾਡੇ ਨਾ ਲਗਾਉਣ ਅਤੇ ਜਨਗਣਨਾ ਡਿਊਟੀ ਸੰਬੰਧੀ ਐੱਸ.ਓ.ਪੀ. ਜਾਰੀ ਕੀਤੇ ਜਾਣ ਨੂੰ ਲੈ ਕੇ ਮੰਗ ਪੱਤਰ ਦੇਣਾ ਸੀ ਪਰ ਐੱਸ.ਡੀ.ਐਮ. ਵਲੋਂ ਆਪਣੇ ਕਰਮਚਾਰੀਆਂ ਰਾਹੀਂ ਵਫ਼ਦ ਨੂੰ ਬਿਨਾਂ ਮਿਲੇ ਹੀ ਮੋੜ ਦਿੱਤਾ ਗਿਆ ਜਿਸ ਕਾਰਨ ਡੀ.ਟੀ.ਐੱਫ਼. ਵਲੋਂ ਐੱਸ.ਡੀ.ਐੱਮ. ਦਫ਼ਤਰ ਦਾ ਘਿਰਾਓ ਕੀਤਾ ਗਿਆ | ਡੀ.ਟੀ.ਐੱਫ਼ ਦੇ ਆਗੂ ਗੁਰਵਿੰਦਰ ਸਿੰਘ ਖੱਟੜਾ, ਮਨਦੀਪ ਕੌਰ, ਰਾਜੀਵ ਪਾਤੜਾਂ ਅਤੇ ਸਤਪਾਲ ਸਮਾਣਵੀ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਿੱਦਿਅਕ ਸਰੋਕਾਰਾਂ ਤੋਂ ਪੂਰੀ ਤਰ੍ਹਾਂ ਮੁਨਕਰ ਹੋ ਚੁੱਕੀ ਹੈ | ਭਾਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਰਕਾਰ ਦੇ ਸਾਰੇ ਨੁਮਾਇੰਦੇ ਸੂਬੇ ਵਿਚ ਸਿੱਖਿਆ ਕ੍ਰਾਂਤੀ ਦਾ ਢੰਡੋਰਾ ਪਿੱਟਦੇ ਰਹਿੰਦੇ ਹਨ ਪਰ ਅਸਲ ਵਿਚ ਹਕੀਕਤ ਕੁੱਝ ਹੋਰ ਬਿਆਨ ਕਰਦੀ ਹੈ | ਸਰਕਾਰ ਦੁਆਰਾ ਅਧਿਆਪਕਾਂ ਨੂੰ ਪੜ੍ਹਾਉਣ ਤੋਂ ਹਟਾ ਕੇ ਜਨਗਣਨਾ ਸਮੇਤ ਵੱਖ-ਵੱਖ ਡਿਊਟੀਆਂ ਵਿਚ ਲਗਾਇਆ ਹੋਇਆ ਹੈ |
ਕੁੱਝ ਅਧਿਆਪਕ ਜੋ ਬੀ.ਐੱਲ.ਓ. ਦੀ ਡਿਊਟੀ ਕਰ ਰਹੇ ਹਨ, ਉਨ੍ਹਾਂ ਦੀ ਡਿਊਟੀ ਵੀ ਜਨਗਣਨਾ ਵਿਚ ਲਗਾਈ ਗਈ ਹੈ | ਉਨ੍ਹਾਂ ਮੰਗ ਕੀਤੀ ਕਿ ਡਿਊਟੀ ਜੁਆਇਨ ਕਰ ਚੁੱਕੇ ਜਿਹੜੇ ਮੁਲਾਜ਼ਮਾਂ ਨੂੰ ਗ਼ੈਰਹਾਜ਼ਰ ਹੋਣ ਸੰਬੰਧੀ ਗ਼ਲਤ ਨੋਟਿਸ ਜਾਰੀ ਕੀਤੇ ਗਏ ਹਨ, ਉਹ ਨੋਟਿਸ ਤੁਰੰਤ ਪ੍ਰਭਾਵ ਨਾਲ ਵਾਪਸ ਲਏ ਜਾਣ | ਇਸ ਤੋਂ ਇਲਾਵਾ ਜਨਗਣਨਾ ਦੌਰਾਨ ਡਿਊਟੀ ਨਿਭਾਉਣ ਵਾਲੇ ਮੁਲਾਜ਼ਮਾਂ ਨੂੰ ਹਰ ਰੋਜ਼ ਸਵੇਰ ਦੇ ਸਮੇਂ ਤਿੰਨ ਘੰਟੇ ਸਕੂਲ ਦੀ ਡਿਊਟੀ ਤੋਂ ਛੋਟ ਦਿੱਤੀ ਜਾਵੇ | ਇਸ ਮੌਕੇ ਉਪਰੋਕਤ ਤੋਂ ਇਲਾਵਾ ਅਤਿੰਦਰਪਾਲ ਸਿੰਘ ਘੱਗਾ, ਰਾਜੀਵ ਪਾਤੜਾਂ ਨੇ ਸੰਬੋਧਿਤ ਕੀਤਾ ਅਤੇ ਨੌਜਵਾਨ ਭਾਰਤ ਸਭਾ ਵਲੋਂ ਦਵਿੰਦਰ ਛਬੀਲਪੁਰ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ, ਮੁਸਕਾਨ, ਲੈਕ. ਅਮਨ ਕੌੜਾ, ਲੈਕ. ਸਤਵੰਤ ਸਿੰਘ ਗੁਰਜੀਤ ਸਿੰਘ, ਦਵਿੰਦਰ ਪਾਤੜਾਂ, ਬਖਸ਼ੀਸ਼ ਸਿੰਘ, ਜਗਤਾਰ ਰਾਮ, ਪਰਗਟ ਸਿੰਘ, ਸੀਮਾ ਰਾਣੀ, ਮੈਡਮ ਸੁਖਦੀਪ, ਗੁਰਤੇਜ ਸਿੰਘ, ਰਾਜ ਕੁਮਾਰ ਆਦਿ ਸਮੇਤ ਵੱਡੀ ਗਿਣਤੀ 'ਚ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਤਾਪੁਰ 'ਚ ਮੀਟਿੰਗ ਦੌਰਾਨ ਐਨ. ਐਸ. ਯੂ. ਆਈ. ਦੇ ਪ੍ਰਧਾਨ ਈਸ਼ਰਪ੍ਰੀਤ ਸਿੱਧੂ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸਕੂਲ ਦੀ ਇਮਾਰਤ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਧਰਨਾ
Ad Position 24