ਪਟਿਆਲਾ, 20 ਮਈ (ਗੁਰਵਿੰਦਰ ਸਿੰਘ ਔਲਖ)-ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਮਾਸਿਕ ਮੀਟਿੰਗ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਭੁਪਿੰਦਰ ਸਿੰਘ ਸ਼ੰਕਰਪੁਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਸਾਦੀਪੁਰ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਦੇ ਆਗੂ ਬੂਟਾ ਸਿੰਘ ਸਾਦੀਪੁਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਬੂਟਾ ਸਿੰਘ ਸ਼ਾਦੀਪੁਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਉੱਤੇ ਤਿੱਖੇ ਹਮਲੇ ਕਰਦਿਆਂ 15 ਮਈ ਨੂੰ ਕਿਸਾਨਾਂ ਉੱਤੇ ਕੀਤੀ ਗਈ ਕਾਰਵਾਈ ਦੀ ਕੜੀ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਛੱਡਣੇ, ਪਾਣੀ ਦੀਆਂ ਬੁਛਾੜਾਂ ਕਰਨਾ ਅਤੇ ਲਾਠੀਚਾਰਜ ਵਰਗੀਆਂ ਕਾਰਵਾਈਆਂ ਲੋਕਤੰਤਰ ਲਈ ਸ਼ਰਮਨਾਕ ਹਨ | ਉਨ੍ਹਾਂ ਦੋਸ਼ ਲਾਇਆ ਕਿ ਇਸ ਦੌਰਾਨ ਕਿਸਾਨਾਂ ਦੀਆਂ ਪਗਾਂ ਤੱਕ ਉਤਾਰੀਆਂ ਗਈਆਂ, ਜਿਸ ਕਾਰਨ ਕਿਸਾਨ ਭਾਈਚਾਰੇ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ 'ਚ ਸਰਕਾਰਾਂ ਨੂੰ ਇਸ ਦਾ ਰਾਜਨੀਤਕ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਦੀਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲੋਕ ਹਿਤੈਸ਼ੀ ਹੋਣ ਦੇ ਕੀਤੇ ਜਾ ਰਹੇ ਦਾਅਵੇ ਹੁਣ ਬੇਨਕਾਬ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਚਾਰ ਸੂਬਿਆਂ ਦੀਆਂ ਚੋਣਾਂ ਤੋਂ ਤੁਰੰਤ ਬਾਅਦ ਵਧੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦੇ ਨਾਲ-ਨਾਲ ਗੈਸ ਸਿਲੰਡਰ ਦੀਆਂ ਕੀਮਤਾਂ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ, ਜਿਸ ਨਾਲ ਘਰੇਲੂ ਬਜਟ ਉਲਟ-ਪੁਲਟ ਹੋ ਗਿਆ ਹੈ | ਉਨ੍ਹਾਂ ਖਾਦ ਸਬਸਿਡੀ ਦੇ ਮਾਮਲੇ 'ਤੇ ਵੀ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਯੂਰੀਆ ਖਾਦ ਉੱਤੇ ਦਿੱਤੀ ਜਾ ਰਹੀ ਸਬਸਿਡੀ ਕੋਈ ਨਵੀਂ ਗੱਲ ਨਹੀਂ, ਸਗੋਂ ਇਹ ਪੁਰਾਣੀ ਪ੍ਰਣਾਲੀ ਦਾ ਹੀ ਹਿੱਸਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਵਲੋਂ ਇਸ ਨੂੰ ਆਪਣੀ ਵੱਡੀ ਉਪਲਬਧੀ ਵਜੋਂ ਪੇਸ਼ ਕਰਨਾ ਲੋਕਾਂ ਨੂੰ ਗੁਮਰਾਹ ਕਰਨ ਦੇ ਬਰਾਬਰ ਹੈ | ਸ਼ਾਦੀਪੁਰ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੀ ਅਹਿਮ ਮੀਟਿੰਗ 21 ਮਈ ਨੂੰ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਹੋ ਰਹੀ ਹੈ, ਜਿਸ ਵਿਚ ਸਰਕਾਰਾਂ ਖ਼ਿਲਾਫ਼ ਕੋਈ ਸਖ਼ਤ ਸੰਘਰਸ਼ੀ ਪ੍ਰੋਗਰਾਮ ਉਲੀਕਿਆ ਜਾ ਸਕਦਾ ਹੈ | ਇਸ ਮੌਕੇ ਕੈਪਟਨ ਮੇਜਰ ਸਿੰਘ, ਹਾਕਮ ਸਿੰਘ ਥੂਹੀ, ਕਰਨੈਲ ਸਿੰਘ ਸੈਕਟਰੀ, ਕੁਲਵਿੰਦਰ ਸਿੰਘ ਬਿੱਟੂ ਮੁਹੱਬਤਪੁਰ, ਸੁੱਖਾ ਸਿੰਘ ਮੁਹੱਬਤਪੁਰ, ਬਾਬਾ ਮੁਹੱਬਤਪੁਰ, ਗੁਰਵਿੰਦਰ ਸਿੰਘ ਸ਼ੰਕਰਪੁਰ, ਜਰਨੈਲ ਸਿੰਘ ਅਲੀਪੁਰ ਰਾਈਆਂ, ਭਗਵੰਤ ਸਿੰਘ ਅਲੀਪੁਰ, ਰਣਜੀਤ ਸਿੰਘ ਫ਼ੌਜਾਂ ਸਮੇਤ ਵੱਡੀ ਗਿਣਤੀ 'ਚ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ |