ਆਰ.ਟੀ.ਓ. ਦਫ਼ਤਰ 'ਚ ਏਜੰਟਾਂ ਦੀ ਸਰਦਾਰੀ, ਆਮ ਲੋਕਾਂ ਦੀ ਖੱਜਲ ਖੁਆਰੀ
ਅਜੀਤ ਡੈਸਕ
26-05-2026
ਪਟਿਆਲਾ, 25 ਮਈ -ਪਟਿਆਲਾ ਦੇ ਆਰ.ਟੀ.ਓ. ਦਫਤਰ 'ਚ ਹਾਲੇ ਵੀ ਏਜੰਟਾਂ ਨੂੰ ਪ੍ਰਾਹੁਣਚਾਰੀ ਜਿਉਂ ਦੀ ਤਿਉਂ ਮਿਲ ਰਹੀ ਹੈ ਜਦੋਂ ਕਿ ਆਮ ਲੋਕ ਰੋਜ਼ਾਨਾ ਲਾਈਨਾਂ ਵਿਚ ਖੜ ਕੇ ਆਪਣੀ ਵਾਰੀ ਦੀ ਉਡੀਕ ਕਰਦਿਆਂ ਬਿਨਾਂ ਕੰਮ ਕਰਵਾਏ ਖਾਲੀ ਮੁੜ ਜਾਂਦੇ ਹਨ | ਮੌਜੂਦਾ ਹਾਲਾਤ ਇਹ ਹਨ ਕਿ ਆਰ.ਟੀ.ਓ. ਦਫਤਰ 'ਚ ਕਿਸੇ ਵਿਅਕਤੀ ਨੂੰ ਜੇਕਰ ਨਵੀਂ ਆਰ.ਸੀ., ਵਿਭਾਗੀ ਗ਼ਲਤੀ ਕਾਰਨ ਲੱਗੇ ਡਬਲ ਨੰਬਰ ਨੂੰ ਠੀਕ ਕਰਵਾਉਣਾ, ਬਾਹਰਲੇ ਰਾਜਾਂ ਦੀਆਂ ਗੱਡੀਆਂ ਦਾ ਨੰਬਰ ਅਤੇ ਬੈਕਲਾਗ ਦਾ ਕੰਮ ਕਰਵਾਉਣਾ ਹੋਵੇ ਤਾਂ ਉਸ ਦੇ ਕੰਮ ਨੂੰ ਇਸ ਕਦਰ ਲਮਕਾਇਆ ਜਾਂਦਾ ਹੈ ਉਹ ਮਿੰਨੀ ਸਕੱਤਰੇਤ ਦੇ ਬਾਹਰ ਬੈਠੇ ਕਿਸੇ ਏਜੰਟ ਕੋਲੋਂ ਮੋਟੇ ਪੈਸੇ ਦੇ ਕੇ ਕੰਮ ਕਰਵਾਉਣ ਨੂੰ ਮਜਬੂਰ ਨਾ ਹੋ ਜਾਵੇ | ਆਮ ਆਦਮੀ ਪਾਰਟੀ 'ਚ ਆਮ ਆਦਮੀ ਦੇ ਕੰਮਾਂ ਨੂੰ ਉਦੋਂ ਤੱਕ ਇਸ ਕਦਰ ਲਮਕਾਉਣ ਦਾ ਕਾਰਨ, ਬਾਹਰ ਏਜੰਟਾਂ ਵਲੋਂ ਆਰ.ਟੀ.ਓ. ਦਫਤਰ ਦੇ ਅੰਦਰ ਜਲਦੀ ਕੰਮ ਕਰਵਾਉਣ ਲਈ ਪੈਸੇ ਦੇਣ ਦਾ ਹਵਾਲਾ ਦੇ ਕੇ ਠੱਗੇ ਜਾਂਦੇ ਆਮ ਲੋਕਾਂ ਦਾ ਕੋਈ ਵਾਲੀਵਾਰਸ ਨਜ਼ਰ ਨਹੀਂ ਆਉਂਦਾ | 'ਅਜੀਤ' ਦੀ ਟੀਮ ਵਲੋਂ ਜਦੋਂ ਅੱਜ ਆਰ.ਟੀ.ਓ. ਦਫਤਰ 'ਚ ਦੌਰਾ ਕੀਤਾ ਗਿਆ ਤਾਂ ਉੱਥੇ ਆਮ ਲੋਕਾਂ ਨਾਲੋਂ ਜ਼ਿਆਦਾ ਏਜੰਟਾਂ ਦਾ ਹੋਣਾ ਅਤੇ ਹੋਰ ਤਾਂ ਹੋਰ ਏਜੰਟਾਂ ਦਾ ਦਫਤਰ ਦੇ ਕੈਬਿਨਾਂ ਅੰਦਰ ਇਉਂ ਤੁਰੇ ਫਿਰਨਾ ਆਰ.ਟੀ.ਓ. ਦਫਤਰ ਦੇ ਕਰਮਚਾਰੀਆਂ ਨਾਲ ਏਜੰਟਾਂ ਮਿਲੀਭੁਗਤ ਦਰਸਾਉਂਦਾ ਹੈ | ਉਕਤ ਦਫਤਰ ਦੇ ਆਪ੍ਰੇਟਰ ਪ੍ਰਮੋਧ, ਕਲਰਕ ਪ੍ਰਵੀਨ ਦੇ ਕਮਰਿਆਂ ਵਿਚ ਏਜੰਟਾਂ ਦਾ ਘੁੰਮਣਾ ਅਤੇ ਇਨ੍ਹਾਂ ਏਜੰਟਾਂ ਦੇ ਕੰਮਾਂ ਨੂੰ ਦਫਤਰ ਦੇ ਸੇਵਾਦਾਰ ਅਤੇ ਇਕਾ ਦੁੱਕਾ ਹੋਰ ਅਧਿਕਾਰੀਆਂ ਵਲੋਂ ਨਿੱਜੀ ਤੌਰ 'ਤੇ ਕਰਵਾਉਣਾ, ਆਰ.ਟੀ.ਓ. ਦਫਤਰ ਦੀ ਲਾਪਰਵਾਹੀ ਅਤੇ ਆਮ ਲੋਕਾਂ ਨਾਲ ਖਿਲਵਾੜ ਸਪਸ਼ਟ ਦਿਖਾਉਂਦਾ ਹੈ | ਜੇਕਰ ਅਸਲੀ ਸਚਾਈ ਵਾਚਣੀ ਹੋਵੇ ਤਾਂ ਕਿਸੇ ਵੀ ਉਚ ਅਧਿਕਾਰੀ ਵਲੋਂ ਦਫਤਰ ਵਿਚ ਲੱਗੇ ਕੈਮਰਿਆਂ ਦਾ ਰਿਕਾਰਡ ਕਢਵਾ ਕੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਆਮ ਆਦਮੀ ਨਾਲੋਂ ਜ਼ਿਆਦਾ ਏਜੰਟ ਆਰ.ਟੀ.ਓ. ਦਫਤਰ ਦੇ ਚਹੇਤੇ ਬਣੇ ਜਾਂ ਬਣਾਏ ਹੋਏ ਹਨ ਤੇ ਇਨ੍ਹਾਂ ਕਰਮਚਾਰੀਆਂ ਨੂੰ ਆਪਣੇ ਦੇ ਕਮਰੇ ਬਿਲਕੁਲ ਸਾਹਮਣੇ ਪੈਂਦੇ ਆਰ.ਟੀ.ਓ./ਆਰ.ਟੀ.ਏ ਪੂਨਮਪ੍ਰੀਤ ਕੌਰ ਦਾ ਕੋਈ ਡਰ ਨਹੀਂ ਜਾਪਦਾ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਰ.ਟੀ.ਓ. ਦਫਤਰ ਦੇ ਅਧਿਕਾਰੀ ਬਬਨਦੀਪ ਸਿੰਘ ਵਾਲੀਆ ਵਲੋਂ ਏਜੰਟਾਂ ਨੂੰ ਰੋਕਣ ਅਤੇ ਜਿਸ ਦਾ ਕੰਮ ਹੈ ਉਸੀ ਵਿਅਕਤੀ ਨੂੰ ਅੰਦਰ ਭੇਜਣ ਲਈ ਇਕ ਸੁਰੱਖਿਆ ਗਾਰਡ ਵੀ ਤੈਨਾਤ ਕੀਤਾ ਗਿਆ ਸੀ ਜੋ ਕਿ ਹੁਣ ਨਹੀਂ ਦਿਸਿਆ |
ਅੱਜ ਦੋ ਏਜੰਟਾਂ ਵਲੋਂ 10-12 ਗੱਡੀਆਂ ਦੇ ਨੰਬਰਾਂ ਦੀ ਇਕ ਲਿਸਟ ਆਰ.ਟੀ.ਓ. ਦਫਤਰ ਦੇ ਅਧਿਕਾਰੀ ਨੂੰ ਦੇ ਕੇ ਉਨ੍ਹਾਂ ਦੇ ਮਾਲਕਾਂ ਦੀ ਨਿੱਜਤਾ ਦੀਆਂ ਧੱਜੀਆਂ ਉਡਾ ਕੇ ਉਨ੍ਹਾਂ ਦੇ ਮੋਬਾਇਲ ਨੰਬਰਾਂ ਦੀ ਮੰਗ ਕੀਤੀ ਗਈ ਅਤੇ ਉਕਤ ਅਧਿਕਾਰੀ ਵਲੋਂ ਫ਼ੌਰੀ ਤੌਰ 'ਤੇ ਨੰਬਰ ਲਿਸਟ ਦੇ ਸਾਹਮਣੇ ਸ਼ੁਰੂ ਕਰ ਦਿੱਤੇ ਜਦੋਂ ਏਜੰਟ ਤੋਂ ਸਵਾਲ ਕੀਤਾ ਗਿਆ ਤਾਂ ਉਹ ਉੱਥੋਂ ਭੱਜ ਗਏ | ਇਥੇ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਸਰਕਾਰੀ ਅਦਾਰੇ ਦੇ ਕਰਮਚਾਰੀਆਂ ਵਲੋਂ ਕਿਸੇ ਦੀ ਨਿੱਜਤਾ ਕਿਸੇ ਏਜੰਟ ਨੂੰ ਮੁਹੱਈਆ ਕਰਵਾਉਣੀ ਕਿ ਗ਼ੈਰਕਾਨੰੂਨੀ ਨਹੀਂ ਹੈ? ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡਬਲ ਨੰਬਰ, ਬਾਹਰਲੇ ਰਾਜਾਂ ਦੀਆਂ ਗੱਡੀਆਂ, ਬੈਕਲਾਗ ਦੀ ਅਪਰੂਵਲ ਦੇ ਕੇਸ ਇਸ ਕਦਰ ਪੈਂਡਿੰਗ ਪਏ ਹਨ ਕਿ ਆਮ ਬੰਦਾ ਆਰ.ਟੀ.ਓ ਦਫਤਰ ਦੇ ਗੇੜੇ ਮਾਰਦਾ ਮਾਰਦਾ ਆਪਣੀ ਇਕ ਜੁੱਤੀ ਤਾਂ ਘਸਾ ਹੀ ਜਾਂਦਾ ਹੈ | ਇਸ ਸੰਬੰਧੀ ਆਰ.ਟੀ.ਓ. ਪੂਨਮਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਦਫਤਰ 'ਚ ਕਿਸੇ ਵੀ ਏਜੰਟ ਨੂੰ ਅੰਦਰ ਨਹੀਂ ਜਾਣ ਦਿੰਦੇ ਅਤੇ ਅੱਜ ਉਹ ਚੈਕਿੰਗ ਕਾਰਨ ਦਫਤਰ ਤੋਂ ਬਾਹਰ ਸਨ ਅਤੇ ਜੇਕਰ ਦਫਤਰ ਦੇ ਕਿਸੇ ਮੁਲਾਜ਼ਮ ਵਲੋਂ ਏਜੰਟਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਜਾਂ ਉਨ੍ਹਾਂ ਦੇ ਕੰਮ ਕੀਤੇ ਜਾਂਦੇ ਹਨ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਆਰ.ਟੀ.ਓ. ਦਫਤਰ ਦੇ ਸਾਰੇ ਕੰਮ ਆਨ ਲਾਈਨ ਹਨ ਅਤੇ ਜੇਕਰ ਫਿਰ ਵੀ ਕਿਸੇ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਸਿੱਧੇ ਤੌਰ 'ਤੇ ਆਰ.ਟੀ.ਓ. ਨੂੰ ਮਿਲ ਸਕਦੇ ਹਨ |