07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਜ਼ਿਲੇ੍ਹ ਦੀਆਂ ਨਗਰ ਕੌਂਸਲ ਚੋਣਾਂ 'ਚ ਪਾਰਟੀਆਂ ਦੀ ਕਾਰਗੁਜ਼ਾਰੀ ਦਾ ਹਾਲ

Ad Position 21
No active advertisement
ਅਜੀਤ ਡੈਸਕ 31-05-2026
ਪਟਿਆਲਾ, 30 ਮਈ (ਧਰਮਿੰਦਰ ਸਿੰਘ ਸਿੱਧੂ)-ਸੂਬੇ 'ਚ ਨਗਰ ਕੌਂਸਲ ਚੋਣਾਂ 'ਚ ਪਟਿਆਲਾ ਜ਼ਿਲ੍ਹਾ ਤੋਂ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਮੇਤ ਆਜ਼ਾਦ ਉਮੀਦਵਾਰਾਂ ਵਲੋਂ ਆਪਣੀ ਕਿਸਮਤ ਅਜ਼ਮਾਈ ਗਈ | ਜ਼ਿਲੇ੍ਹ ਦੇ ਗੱਲ ਕਰੀਏ ਤਾਂ ਬੇਸ਼ੱਕ ਸੱਤਾ ਧਿਰ ਆਮ ਆਦਮੀ ਪਾਰਟੀ ਪਹਿਲੇ ਨੰਬਰ ਉੱਤੇ ਰਹੀ ਪ੍ਰੰਤੂ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਕਈ ਥਾਵਾਂ ਉੱਤੇ ਖਾਤੇ ਵੀ ਨਹੀਂ ਖੁੱਲ੍ਹਾ ਸਕੇ | ਪਾਤੜਾਂ ਤੇ ਬਨੂੜ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪੱਤਾ ਸਾਫ਼ ਰਿਹਾ | ਦੂਜੇ ਪਾਸੇ ਸਮਾਣਾ ਅਤੇ ਨਾਭਾ ਵਿਚ ਕਾਂਗਰਸ ਪਾਰਟੀ ਦਾ ਮਾੜਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜਦੋਂ ਕਿ ਰਾਜਪੁਰਾ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਛਾੜਨ ਵਿਚ ਕਾਮਯਾਬ ਰਹੇ | ਇਥੇ ਇਹ ਵੀ ਦੱਸਣਯੋਗ ਹੈ ਕਿ ਲਗਪਗ ਹਰੇਕ ਸ਼ਹਿਰ ਤੋਂ ਆਜ਼ਾਦ ਉਮੀਦਵਾਰਾਂ ਨੇ ਵੀ ਬਾਜੀ ਮਾਰਦਿਆਂ ਪਾਤੜਾਂ ਤੇ ਸਮਾਣਾ ਤੋਂ ਇਕ-ਇਕ ਜਦੋਂ ਕਿ ਨਾਭਾ ਤੇ ਰਾਜਪੁਰਾ ਤੋਂ ਦੋ-ਦੋ ਸੀਟਾਂ ਹਾਸਲ ਕੀਤੀਆਂ |
ਪਾਤੜਾਂ-ਪਾਤੜਾਂ ਦੀਆਂ ਕੁੱਲ 17 ਸੀਟਾਂ ਵਿਚੋਂ ਆਮ ਆਦਮੀ ਪਾਰਟੀ ਦੀ ਝੋਲੀ 10 ਸੀਟਾਂ ਪਈਆਂ | ਕਾਂਗਰਸ ਦੇ ਚਾਰ ਉਮੀਦਵਾਰ ਅਤੇ ਭਾਜਪਾ ਦੇ ਦੋ ਅਤੇ ਇਕ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕਰਕੇ ਆਪੋ ਆਪਣੀ ਪਾਰਟੀ ਦਾ ਮਾਣ ਵਧਾਇਆ | ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਕ ਵੀ ਉਮੀਦਵਾਰ ਇੱਥੋਂ ਇਕ ਵੀ ਸੀਟ ਹਾਸਲ ਨਹੀਂ ਕਰ ਸਕਿਆ |
ਸਮਾਣਾ-ਜੇਕਰ ਸਮਾਣਾ ਦੀ ਗੱਲ ਕਰੀਏ ਤਾਂ ਕੁੱਲ 21 ਵਿਚੋਂ 13 ਸੀਟਾਂ 'ਤੇ ਸੱਤਾ ਧਿਰ ਜੇਤੂ ਰਹੀ | ਕਾਂਗਰਸ ਦਾ ਪ੍ਰਦਰਸ਼ਨ ਸਭ ਤੋਂ ਮਾੜਾ ਦੇਖਣ ਨੂੰ ਮਿਲਿਆ ਜਿਸ ਕਾਰਨ ਕਾਂਗਰਸ ਦੇ ਆਗੂ ਸ਼ਾਮ ਤੱਕ ਵੋਟਾਂ ਦੇ ਗਿਣਤੀ ਕੇਂਦਰ ਦੇ ਨੇੜੇ ਤੇੜੇ ਨਹੀਂ ਦਿਸੇ | ਭਾਜਪਾ ਦੇ ਦੋ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਅਤੇ ਇਕ ਆਜ਼ਾਦ ਉਮੀਦਵਾਰ ਨੇ ਵੀ ਬਾਜੀ ਮਾਰੀ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੱਲੇ ਤਿੰਨ ਸੀਟਾਂ ਹੀ ਆਈਆਂ |
ਨਾਭਾ-ਨਾਭਾ ਨਗਰ ਕੌਂਸਲ ਦੀਆਂ 23 ਸੀਟਾਂ ਵਿਚੋਂ 11 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਬਜ਼ ਹੋਏ | ਜਦੋਂ ਕਿ ਕਾਂਗਰਸ ਦੇ ਪੱਲੇ 5, ਭਾਜਪਾ ਦੇ ਹੱਕ ਵਿਚ 3 ਅਤੇ ਆਜ਼ਾਦ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ 2-2 ਸੀਟਾਂ ਆਈਆਂ | ਇਥੇ ਇਹ ਵੀ ਦੱਸਣਯੋਗ ਹੈ ਕਿ ਇਕ ਆਜ਼ਾਦ ਉਮੀਦਵਾਰ ਕੁਝ ਸਮਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਤੋਂ ਵੱਖਰੇ ਤੌਰ 'ਤੇ ਖੜ ਕੇ ਆਪਣੀ ਕਿਸਮਤ ਅਜ਼ਮਾਈ ਹੈ ਜਦੋਂ ਕਿ ਦੂਜਾ ਆਜ਼ਾਦ ਉਮੀਦਵਾਰ ਵੀ ਆਮ ਆਦਮੀ ਪਾਰਟੀ ਦਾ ਪੁਰਾਣਾ ਮੈਂਬਰ ਦੱਸਿਆ ਜਾ ਰਿਹਾ ਹੈ | ਨਾਭਾ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਚੰਗਾ ਨਹੀਂ ਦੇਖਣ ਨੂੰ ਮਿਲਿਆ ਅਤੇ ਇਹ ਲੋਕ ਰਾਏ ਸਾਫ਼ ਕਰ ਗਈ ਹੈ ਕਿ ਅਕਾਲੀ ਦਲ ਦੇ ਆਗੂਆਂ ਨੂੰ ਧਰਾਤਲੀ ਪੱਧਰ 'ਤੇ ਬਹੁਤ ਮਿਹਨਤ ਦੀ ਲੋੜ ਹੈ |
ਰਾਜਪੁਰਾ-ਰਾਜਪੁਰਾ ਵਿਚ ਸੱਤਾ ਧਿਰ ਪਾਰਟੀ ਨੂੰ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਵਲੋਂ ਤਕੜੀ ਟੱਕਰ ਦਿੱਤੀ ਗਈ ਅਤੇ ਬਹੁਤ ਹੀ ਫਸਵਾਂ ਮੁਕਾਬਲਾ ਰਿਹਾ | ਰਾਜਪੁਰਾ ਵਿਚ ਕਾਂਗਰਸ ਅਤੇ ਭਾਜਪਾ ਬਰਾਬਰ 9-9 ਸੀਟਾਂ ਲੈ ਕੇ ਮੋਹਰੀ ਰਹੀਆਂ | ਦੂਜੇ ਪਾਸੇ ਰਾਜਪੁਰਾ ਵਿਖੇ ਵਿਧਾਇਕਾ ਨੀਨਾ ਮਿੱਤਲ ਦੀ ਕਾਰਗੁਜ਼ਾਰੀ 'ਤੇ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸਵਾਲ ਉਠਣੇ ਸ਼ੁਰੂ ਹੋ ਗਏ ਹਨ ਕਿਉਂਕਿ ਰਾਜਪੁਰਾ ਵਿਚ ਆਮ ਆਦਮੀ ਪਾਰਟੀ ਦਾ ਸਭ ਤੋਂ ਮਾੜਾ ਨਤੀਜਾ ਰਿਹਾ ਜਿਸ ਵਿਚ ਪਾਰਟੀ ਨੂੰ 31 ਵਿਚੋਂ ਕੇਵਲ 7 ਸੀਟਾਂ ਹੀ ਹਾਸਲ ਹੋਈਆਂ | ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ 4 ਸੀਟਾਂ ਆਈਆਂ ਅਤੇ ਦੋ ਆਜ਼ਾਦ ਉਮੀਦਵਾਰਾਂ ਵੀ ਜਿੱਤੇ |
ਬਨੂੜ-ਬਨੂੜ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਵਿਚ ਕੁੱਲ 13 ਸੀਟਾਂ ਵਿਚੋਂ ਆਮ ਆਦਮੀ ਪਾਰਟੀ ਦੇ ਹਿੱਸੇ 10 ਅਤੇ ਕਾਂਗਰਸ ਦੇ ਹਿੱਸੇ ਤਿੰਨ ਸੀਟਾਂ ਆਈਆਂ | ਬਨੂੜ ਵਿਖੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਖਾਤਾ ਖੋਲ੍ਹਣ ਵਿਚ ਨਾਕਾਮਯਾਬ ਰਹੀ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ 'ਚ ਮੌਜੂਦਾ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ- ਢਿੱਲੋਂ ਅਗਲੀ ਖ਼ਬਰ ਡਰੰਮ 'ਚ ਪਾ ਕੇ ਲੜਕੀ ਦੀ ਲਾਸ਼ ਸੁੱਟਣ ਵਾਲਾ ਕਾਤਲ ਗਿ੍ਫ਼ਤਾਰ
Ad Position 24
No active advertisement