ਭੁੱਨਰਹੇੜੀ, 31 ਮਈ (ਧਨਵੰਤ ਸਿੰਘ)-ਗੁਰਦੁਆਰਾ ਦੁੱਖਭੰਜਨ ਸਾਹਿਬ ਅਤੇ ਮਾਤਾ ਗੁਜਰੀ ਸਹਾਰਾ ਟਰੱਸਟ ਵਲੋਂ ਪਿੰਡ ਕੱਲਰ ਭੈਣੀ 'ਚ ਇਕ ਵਿਸ਼ਾਲ ਅਤੇ ਆਤਮਿਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਪਵਿੱਤਰ ਸਮਾਗਮ ਦੌਰਾਨ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿੱਥੇ ਸੰਗਤ ਗੁਰਬਾਣੀ ਕੀਰਤਨ, ਕਥਾ-ਵਿਚਾਰ ਅਤੇ ਅਰਦਾਸ ਰਾਹੀਂ ਗੁਰੂ ਚਰਨਾਂ ਨਾਲ ਜੁੜੇਗੀ | ਇਸ ਸਮਾਗਮ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਸ ਤੋਂ ਇਲਾਵਾ ਪ੍ਰਸਿੱਧ ਰਾਗੀ ਜਥੇ ਅਤੇ ਕਥਾਵਾਚਕ ਵੀ ਸੰਗਤ ਨੂੰ ਗੁਰਮਤਿ ਵਿਚਾਰਾਂ ਨਾਲ ਜੋੜਨਗੇ | ਸਮਾਗਮ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਨਛੱਤਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ | 8, 9 ਅਤੇ 10 ਜੂਨ ਨੂੰ ਸ਼ਾਮ ਵੇਲੇ ਸੱਤ ਤੋਂ ਗਿਆਰਾਂ ਰਾਤ ਤੱਕ ਪ੍ਰੋਗਰਾਮ ਚੱਲਣਗੇ | ਇਹ ਉਪਰਾਲਾ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਸਮੇਤ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਸਮਾਗਮ ਸਿਰਫ ਧਾਰਮਿਕ ਇਕੱਠ ਨਹੀਂ, ਸਗੋਂ ਪੰਥਕ ਤੌਰ 'ਤੇ ਵੀ ਵਿਸ਼ੇਸ਼ ਹੈ | ਇਤਿਹਾਸਕ ਅਤੇ ਆਤਮਿਕ ਯਾਦਾਂ ਨੂੰ ਤਾਜ਼ਾ ਕਰਨ ਦਾ ਇਕ ਮਹਾਨ ਗੁਰਮਤਿ ਫ਼ਲਸਫ਼ਾ ਹੈ | ਉਨ੍ਹਾਂ ਹੋਰ ਦੱਸਿਆ ਕਿ ਇਹ ਸਮਾਗਮ ਕਈ ਮਹੱਤਵਪੂਰਨ ਇਤਿਹਾਸਕ ਅਤੇ ਧਾਰਮਿਕ ਰੱਬੀ ਰੂਹਾਂ ਨੂੰ ਸਮਰਪਿਤ ਹੈ, ਜਿਨ੍ਹਾਂ 'ਚ ਭਗਤ ਰਵਿਦਾਸ ਜੀ ਦਾ 650ਵਾਂ ਜਨਮ ਦਿਹਾੜਾ, ਸ੍ਰੀ ਕੀਰਤਪੁਰ ਸਾਹਿਬ ਦੀ 400 ਸਾਲਾ ਸਥਾਪਨਾ, ਸੰਤ ਬਾਬਾ ਭਗਵਾਨ ਸਿੰਘ ਦੀ ਬਰਸੀ ਅਤੇ ਸਾਕਾ ਜੂਨ 1984 ਘੱਲੂਘਾਰਾ ਦੀ ਯਾਦ ਸ਼ਾਮਲ ਹਨ | ਇਹ ਸਾਰੇ ਮੌਕੇ ਸਿੱਖ ਇਤਿਹਾਸ 'ਚ ਵਿਸ਼ੇਸ਼ ਸਥਾਨ ਰੱਖਦੇ ਹਨ | ਇਸ ਮੌਕੇ ਪ੍ਰਬੰਧਕ ਬੀਬੀ ਸੋਹਣਜੀਤ ਕੌਰ ਮਾਤਾ ਗੁਜਰੀ ਭਲਾਈ ਟਰੱਸਟ, ਬਾਬਾ ਬੂਟਾ ਸਿੰਘ ਮੌਜੂਦ ਸਨ |