ਰਾਜਪੁਰਾ, 1 ਜੂਨ (ਰਣਜੀਤ ਸਿੰਘ)-ਰਾਜਪੁਰਾ ਵਿਖੇ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਲੇਟ ਆਉਣ ਵਾਲੇ ਮੁਲਾਜਮਾਂ ਦੇ ਖਿਲਾਫ ਸ਼ਿਕੰਜਾ ਕੱਸਿਆ ਜਾਵੇਗਾ ਅਤੇ ਕਿਸੇ ਵੀ ਕੀਮਤ ਤੇ ਨੌਕਰੀ ਵਿਚ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਦ ਵਲੋਂ ਸਵੇਰੇ ਦਫਤਰ ਲੇਟ ਆਉਣ ਵਾਲੇ ਮੁਲਾਜਮਾਂ ਦੇ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਕਈ ਦਿਨਾਂ ਤੋ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕਈ ਮੁਲਾਜ਼ਮ ਲੇਟ ਲਤੀਫ਼ ਹਨ ਅਤੇ ਉਹ ਦਫਤਰ ਲੇਟ ਆਉਂਦੇ ਹਨ।ਜਿਸ ਕਾਰਨ ਜਿਥੇ ਦਫਤਰਿ ਕੰਮ ਕਾਰ ਪ੍ਰਭਾਵਿਤ ਹੁੰਦਾ ਹੈ ਉੱਥੇ ਹੀ ਆਪਣੀਆਂ ਫਸਲਾਂ ਦੇ ਸੰਬੰਧ ਵਿਚ ਆਉਣ ਵਾਲੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸੇਵਾ ਵਿਚ ਅਨੁਸ਼ਾਸ਼ਨਹੀਣਤਾ ਕਿਸੇ ਵੀ ਕੀਮਤ ‘’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਮਾਰਕੀਟ ਕਮੇਟੀ ਦਾ ਮੁੱਖ ਕਿਸਾਨਾਂ ਮਜ਼ਦੂਰਾਂ ਅਤੇ ਆੜ੍ਹਤੀਆਂ ਵਪਾਰੀਆ ਨੂੰ ਬਿਨਾਂ ਕਿਸੇ ਵੀ ਦੇਰੀ ਤੋਂ ਸੇਵਾਵਾਂ ਪ੍ਰਦਾਨ ਕਰਨਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੀ ਮੁਲਾਜ਼ਮ ਆਪਣੀ ਡਿਊਟੀ ਪ੍ਰਤੀ ਕੋਤਾਹੀ ਵਰਤੇਗਾ ਤਾਂ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਸਖਤੀ ਵਰਤੀ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਇਹੋ ਜਿਹੀਆਂ ਚੈਕਿੰਗ ਜਾਰੀ ਰਹਿਣਗੀਆਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਤੌਰ ਚੇਅਰਮੈਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਅਤੇ ਮੰਡੀ ਦੇ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਉਣ ਦੀ ਜੋ ਜ਼ਿੰਮੇਵਾਰੀ ਦਿੱਤੀ ਗਈ ਹੇ ਉਸ ਨੂੰ ਪੂਰੀ ਲਗਨ ਮਿਹਨਤ ਅਤੇ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਇਸ ਜ਼ਿੰਮੇਵਾਰੀ ਦੇ ਚੱਲਦਿਆਂ ਉਨ੍ਹਾਂ ਨੇ ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਹੁੰਦੀ ਲੁੱਟ ਰੋਕਣ ਲਈ ਕਿਸਾਨਾਂ ਦੀ ਫ਼ਸਲ ਦੇ ਤੋਲ ਵੀ ਚੈਕ ਕੀਤੇ ਸਨ। ਉਨ੍ਹਾਂ ਨੇ ਦੱਸਿਆ ਕਿ ਸਮੇਂ ਸਮੇਂ ਤੇ ਸਬਜ਼ੀ ਮੰਡੀ ਦੀ ਸਾਫ਼ ਸਫ਼ਾਈ ਦਾ ਜਾਇਜਾ ਵੀ ਲਿਆ ਗਿਆ ਹੈ।