ਸਮਾਣਾ, 1 ਜੂਨ (ਪ੍ਰੀਤਮ ਸਿੰਘ ਨਾਗੀ)-ਸਮਾਣਾ ਨਗਰ ਕੌਂਸਲ ਦੀਆਂ ਚੋਣਾਂ ਵਿਚ ਚਾਰ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਪੂਰੀ ਗਰਮਜੋਸ਼ੀ ਨਾਲ ਭਾਗ ਲਿਆ। ਪਰ ਰੂਲਰ ਪਾਰਟੀ ਦੇ ਜੋ ਵਰਕਰ ਪਿਛਲੇ ਕਾਫੀ ਸਾਲਾਂ ਤੋਂ ਇਨ੍ਹਾਂ ਚੋਣਾਂ ਲਈ ਤਿਆਰੀਆਂ ਕਰ ਰਹੇ ਸਨ ਤੇ ਨਵੀਂ ਵਾਰਡਬੰਦੀ ਵੀ ਆਪਣੇ ਹਿਸਾਬ ਨਾਲ ਤੋੜ ਮੋੜ ਕੇ ਬਣਾਈ ਸੁਰਜੀਤ ਸਿੰਘ ਰੱਖੜਾ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਨਾਲ ਪੁਰਾਣੇ ਵਰਕਰਾਂ ਦੀਆਂ ਸਕੀਮਾਂ ਘੜੀਆਂ ਘੜਾਈਆਂ ਰਹਿ ਗਈਆਂ ਸਭ ਤੋਂ ਵੱਧ ਮਾੜੀ ਉਸ ਨਾਲ ਹੋਈ ਜਿਸ ਨੇ ਟਿਕਟਾਂ ਦੀ ਵੰਡ ਕਰਨੀ ਸੀ। ਉਹ ਆਪ ਮੁੰਗੇਰੀ ਲਾਲ ਦੇ ਸੁਪਨੇ ਦੇਖਦਾ ਦੇਖਦਾ ਨਗਰ ਕੌਂਸਲ ਦਾ ਪ੍ਰਧਾਨ ਵੀ ਬਣ ਗਿਆ ਸੀ ਪਰ ਸਮਾਂ ਬੜੀ ਚੀਜ ਹੈ। ਇਥੇ ਪਹਿਲੀ ਵਾਰ ਭਾਜਪਾ ਨੇ ਆਪਣੇ ਸਾਰੇ ਹੀ 21 ਵਾਰਡਾਂ ਵਿਚ ਉਮੀਦਵਾਰ ਖੜ੍ਹੇ ਕੀਤੇ ਤੇ ਦੋ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ 20 ਵਾਰਡਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਿਨ੍ਹਾਂ ਵਿਚੋਂ ਤਿੰਨ ਜੇਤੂ ਰਹੇ। ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜਗਮੀਤ ਸਿੰਘ ਹਰਿਆਊ ਨੇ ਕਾਫੀ ਸਿਆਣਪ ਨਾਲ ਇਹ ਚੋਣ ਲੜੀ ਤੇ ਵਰਕਰਾਂ ਨੂੰ ਪੂਰਾ ਹੌਸਲਾ ਦਿੱਤਾ। ਕਾਂਗਰਸ ਪਾਰਟੀ ਨੇ 18 ਵਾਰਡਾਂ ਵਿਚ ਉਮੀਦਵਾਰ ਖੜ੍ਹੇ ਕੀਤੇ ਤੇ 2 ਉਮੀਦਵਾਰ ਜੇਤੂ ਰਹੇ। ਭਾਵੇਂ ਸਾਬਕਾ ਵਿਧਾਇਕ ਰਜਿੰਦਰ ਸਿੰਘ ਤੇ ਜਿਲ੍ਹਾ ਪਟਿਆਲਾ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਾਫੀ ਮਿਹਨਤ ਕੀਤੀ ਪਰ ਪਾਰਟੀ ਦੀ ਫੁੱਟ ਕਾਰਨ ਵੋਟਰਾਂ ਤੇ ਵਧੀਆ ਪ੍ਰਭਾਵ ਨਹੀਂ ਪਿਆ। ਆਮ ਆਦਮੀ ਪਾਰਟੀ ਨੇ ਸ਼ਹਿਰ ਦੇ ਸਾਰੇ ਹੀ 21 ਵਾਰਡਾਂ ਵਿਚ ਆਪਣੇ ਉਮੀਦਵਾਰ ਖੜੇ ਕੀਤੇ ਤੇ 13 ਵਾਰਡਾਂ ਤੋਂ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ। ਆਮ ਆਦਮੀ ਪਾਰਟੀ ਨੂੰ ਕੁੱਲ 10996 ਭਾਜਪਾ ਨੂੰ 4266 ਅਕਾਲੀ ਦਲ ਨੂੰ 3851 ਤੇ ਕਾਂਗਰਸ ਨੂੰ 3764 ਵੋਟ ਮਿਲੇ ਨਵੇਂ ਅਕਾਲੀ ਦਲ ਤੇ ਬਹੁਜਨ ਤੇ ਬਹੁਜਨ ਸਮਾਜ ਪਾਰਟੀ ਨੇ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ। ਚੋਣ ਇਕ ਦੋ ਘਟਨਾਵਾਂ ਨੂੰ ਛੱਡ ਕੇ ਸਹੀ ਢੰਗ ਨਾਲ ਹੋਏ ਹੁਣ ਚਾਰ ਪ੍ਰਮੁੱਖ ਉਮੀਦਵਾਰਾਂ ਵਿਚ ਜੋਰ ਅਜਮਾਈ ਚੱਲ ਰਹੀ ਹੈ। ਸ਼ਹਿਰ ਦੇ ਲੋਕਾਂ ਦੀ ਅੱਖ ਹੁਣ ਵਿਕਾਸ ਵੱਲ ਹੈ ਜੋ ਪਹਿਲਾਂ ਸਰਕਾਰ ਵਿਰੋਧੀ ਪ੍ਰਧਾਨ ਕਾਰਨ ਰੁਕੀ ਹੋਈ ਸੀ।