ਰਾਜਪੁਰਾ, 5 ਜੂਨ (ਰਣਜੀਤ ਸਿੰਘ)-ਪੰਜਾਬ ਸਮੇਤ ਦੇਸ਼ ਦੇ ਖੇਤੀ ਅਤੇ ਡੇਅਰੀ ਸੈਕਟਰ 'ਤੇ ਅਮਰੀਕੀ ਡਾਕਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਜੇਕਰ ਇਹ ਲੁਕਵਾ ਸਮਝੌਤਾ ਸਿਰੇ ਚੜ੍ਹਦਾ ਹੈ ਤਾਂ ਇਸ ਨਾਲ ਦੇਸ਼ ਦਾ ਕਿਸੇ ਬੁਰੀ ਤਰ੍ਹਾਂ ਨਾਲ ਬਰਬਾਦ ਹੋ ਜਾਵੇਗਾ | ਇਸ ਲਈ ਇਸ ਸਮਝੌਤੇ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਤੇ ਸੂਬਾ ਵਿੱਤ ਸਕੱਤਰ ਮਾਨ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਅਲੂਣਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਕਿਸਾਨ ਜਥੇਬੰਦੀ ਦੇ ਆਗੂ ਮਿੰਨੀ ਸਕੱਤਰੇਤ ਵਿਖੇ ਸਰਕਾਰ ਦੇ ਖ਼ਿਲਾਫ਼ ਗਰਜੇ, ਉਨ੍ਹਾਂ ਨੇ ਟਰੰਪ ਦਾ ਪੁਤਲਾ ਸਾੜਿਆ ਅਤੇ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਐੱਸ.ਡੀ.ਐਮ. ਸੁਖਵਿੰਦਰ ਸਿੰਘ ਟਿਵਾਣਾ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ 'ਤੇ ਆਗੂਆਂ ਨੇ ਨਾਅਰੇਬਾਜ਼ੀ ਕੀਤੀ | ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਭਰ ਵਿਚ ਕੇਂਦਰ ਦੀ ਮੋਦੀ ਸਰਕਾਰ ਵਲੋਂ ਅਮਰੀਕਾ ਦੀ ਟਰੰਪ ਸਰਕਾਰ ਨਾਲ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿਚ ਦੇਸ਼ ਦੀ ਸਰਵਉੱਚ ਕਿਸਾਨ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਵੱਡੇ ਪੱਤਰ 'ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ | ਆਗੂਆਂ ਨੇ ਕਿਹਾ ਕਿ ਦੇਸ਼ ਦਾ ਖੇਤੀ ਅਤੇ ਡੇਅਰੀ ਸੈਕਟਰ ਦੇਸ਼ ਦੇ ਕਰੋੜਾਂ ਲੋਕਾਂ ਦੀ ਰੋਜ਼ੀ ਰੋਟੀ ਦਾ ਸਾਧਨ ਹੈ ਅਤੇ ਇਨ੍ਹਾਂ ਸਦਕਾ ਹੀ ਗ਼ਰੀਬਾਂ ਦਾ ਚੁੱਲ੍ਹਾ ਬਲਦਾ ਹੈ | ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵਿਦੇਸ਼ੀ ਕੰਪਨੀਆਂ ਅਤੇ ਅਮਰੀਕੀ ਵਪਾਰੀਆਂ ਨੂੰ ਫਾਇਦਾ ਪਹੁੰਚਾਉਣ ਲਈ ਭਾਰਤੀ ਕਿਸਾਨਾਂ ਦੀ ਬਲੀ ਦੇਣ 'ਤੇ ਉਤਾਰੂ ਹੋ ਚੁੱਕੀ ਹੈ | ਜਿਸ ਨੂੰ ਦੇਸ਼ ਦਾ ਅੰਨਦਾਤਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗਾ | ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਡੇਅਰੀ ਦਾ ਧੰਦਾ ਕੋਈ ਵੱਡਾ ਕਾਰਪੋਰੇਟ ਕਾਰੋਬਾਰ ਨਹੀਂ ਹੈ ਬਲਕਿ ਦੇਸ਼ ਦੇ ਕਰੋੜਾਂ ਕਿਸਾਨਾਂ ਦੀ ਰੋਜੀ ਰੋਟੀ ਦਾ ਸਹਾਰਾ ਹੈ | ਕਿਸਾਨਾਂ ਨੇ ਕਿਹਾ ਕਿ ਅਮਰੀਕਾ ਵਿਚ ਤਾਂ ਕਰੋੜਾਂ ਡਾਲਰ ਦੀ ਕਿਸਾਨਾਂ ਨੂੰ ਸਬਸਿਡੀ ਮਿਲਦੀ ਹੈ | ਜਿਸ ਕਾਰਨ ਦੁੱਧ, ਪਨੀਰ ਅਤੇ ਪਾਊਡਰ ਸਸਤੇ ਭਾਅ 'ਤੇ ਤਿਆਰ ਹੁੰਦਾ ਹੈ | ਜੇਕਰ ਇਹ ਉਤਪਾਦ ਪੰਜਾਬ ਸਮੇਤ ਸਾਰੇ ਦੇਸ਼ ਵਿਚ ਬਿਨਾਂ ਟੈਕਸ ਦੇ ਆਉਣ ਦਿੱਤੇ ਗਏ ਤਾਂ ਦੇਸ਼ ਦਾ ਕਿਸਾਨ ਬਰਬਾਦ ਹੋ ਜਾਵੇਗਾ | ਕਿਸਾਨ ਆਗੂਆਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਮਰੀਕਾ ਭਾਰਤੀ ਬਾਜ਼ਾਰ ਵਿਚ ਆਪਣੀ ਸਰਪਲੱਸ ਮੱਕੀ, ਸੋਇਆਬੀਨ ਅਤੇ ਬਾਇਓ ਫਿਉੂਲ ਦੇ ਉਪ ਉਤਪਾਦ ਸੁੱਟਣ ਦੀ ਤਾਕ ਵਿਚ ਹੈ | ਭਾਰਤੀ ਕਿਸਾਨ ਪਹਿਲਾਂ ਹੀ ਲਾਗਤ ਖਰਚੇ ਵਧਣ ਕਾਰਨ ਆਰਥਿਕ ਮੰਦਹਾਲੀ ਝੱਲ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਅਮਰੀਕੀ ਬੀਜ ਕੰਪਨੀਆਂ ਭਾਰਤੀ ਬੀਜ ਬਾਜ਼ਾਰ 'ਤੇ ਕਬਜਾ ਕਰਨਾ ਚਾਹੁੰਦੀਆਂ ਹਨ | ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਡਬਲਯੂ.ਟੀ.ਉ. ਅਤੇ ਅਮਰੀਕੀ ਦਬਾਅ ਹੇਠ ਆ ਕੇ ਦੇਸ਼ ਦੇ ਖੇਤੀਬਾੜੀ ਸੈਕਟਰ ਨੂੰ ਕੌਮਾਂਤਰੀ ਵਪਾਰੀਆਂ ਅੱਗੇ ਗਿਰਵੀ ਰੱਖਿਆ ਜਾ ਰਿਹਾ ਹੈ | ਆਗੂਆਂ ਨੇ ਮੰਗ ਕੀਤੀ ਹੈ ਕਿ ਭਾਰਤ ਅਮਰੀਕਾ ਵਪਾਰ ਵਾਰਤਾ ਵਿਚੋਂ ਖੇਤੀਬਾੜੀ, ਪਸ਼ੂ ਪਾਲਨ ਅਤੇ ਡੇਅਰੀ ਸੈਕਟਰ ਨੂੰ ਮੁਕੰਮਲ ਤੌਰ 'ਤੇ ਬਾਹਰ ਰੱਖਿਆ ਜਾਵੇ | ਇਸ ਮੌਕੇ ਕਿਸਾਨ ਆਗੂਆਂ ਨੇ ਟਰੰਪ ਦਾ ਪੁਤਲਾ ਸਾੜਿਆ, ਹੋਰਨਾਂ ਸਮੇਤ ਜ਼ਿਲ੍ਹਾ ਕਮੇਟੀ ਦਲਜੀਤ ਸਿੰਘ, ਗੁਰਮੀਤ ਸਿੰਘ, ਗੁਰਪਾਲ ਸਿੰਘ ਮਹਿਮੂਦਪੁਰ, ਜ਼ਸਵਿੰਦਰ ਸਿੰਘ, ਮਹਿੰਦਰ ਸਿੰਘ ਸ਼ੰਭੂ, ਛਿੰਦਾ ਬਲਾਕ ਪ੍ਰਧਾਨ, ਜ਼ਸਵੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ |