ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਬੀ. ਡੀ. ਪੀ. ਓ. ਦਫ਼ਤਰ ਦੇ ਗੇਟ ਅੱਗੇ ਧਰਨਾ
ਅਜੀਤ ਡੈਸਕ
13-06-2026
ਨਾਭਾ, 12 ਜੂਨ (ਜਗਨਾਰ ਸਿੰਘ ਦੁਲੱਦੀ)-ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਹਲਕੇ ਨਾਲ ਸੰਬੰਧਿਤ ਵੱਖ-ਵੱਖ ਮੰਗਾਂ ਨੂੰ ਲੈ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਸਥਾਨਕ ਬੀਡੀਪੀਓ ਦਫ਼ਤਰ ਵਿਖੇ ਧਰਨਾ ਲਗਾਇਆ ਗਿਆ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਗੁਰਵਿੰਦਰ ਬੌੜਾਂ ਅਤੇ ਬਲਾਕ ਪ੍ਰਧਾਨ ਨਿਰਮਲ ਸਿੰਘ ਨਰਮਾਣਾ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਪਿੰਡ ਢੀਂਗੀ ਵਿਖੇ ਗ਼ਲਤ ਬੋਲੀ ਕਰਾਉਣ ਤੋਂ ਬਾਅਦ ਜਦੋਂ ਡੀ.ਡੀ.ਪੀ.ਓ. ਪਟਿਆਲਾ ਵਲੋਂ ਬੋਲੀ ਰੱਦ ਕਰ ਦਿੱਤੀ ਗਈ ਤਾਂ ਸੰਬੰਧਿਤ ਅਧਿਕਾਰੀ ਸੈਕਟਰੀ ਅਤੇ ਪੰਚਾਇਤ ਵਲੋਂ ਪਿੰਡ ਦੀ ਰਿਜ਼ਰਵ ਜ਼ਮੀਨ ਉੱਤੇ ਪਿੰਡ ਦੇ ਹੀ ਲੋਕਾਂ ਦਾ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਮੰਗ ਸੰਬੰਧੀ ਪਿੰਡ ਢੀਂਗੀ ਦੇ ਮਜਦੂਰਾਂ ਵਲੋਂ ਮੰਗ ਕੀਤੀ ਗਈ ਪੰਚਾਇਤ ਅਤੇ ਪੰਚਾਇਤ ਸੈਕਟਰੀ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ 13 ਕਿੱਲੇ ਜ਼ਮੀਨ ਜੋ ਰਿਜ਼ਰਵ ਕੋਟੇ ਦੀ ਬਣਦੀ ਹੈ ਦੀ ਬੋਲੀ ਐਸ.ਸੀ. ਧਰਮਸ਼ਾਲਾ ਵਿਚ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜ਼ਨ ਲਗਭਗ ਸ਼ੁਰੂ ਹੋ ਚੁੱਕਿਆ ਹੈ ਦੇ ਬਾਵਜੂਦ ਪਿੰਡ ਬੌੜਾਂ ਕਲਾਂ ਅਤੇ ਪਿੰਡ ਬਿਨਾਂਹੇੜੀ ਵਿਚ ਵੀ ਪ੍ਰਸ਼ਾਸਨ ਵਲੋਂ ਹਾਲੇ ਤੱਕ ਰਿਜ਼ਰਵ ਜ਼ਮੀਨ ਦੀ ਬੋਲੀ ਨਹੀਂ ਕੀਤੀ ਗਈ, ਜੋ ਕਿ ਮਜ਼ਦੂਰਾਂ ਦੇ ਝੋਨੇ ਦੀ ਲਵਾਈ ਵਿਚ ਵਿਅਸਤ ਹੋਣ ਤੋਂ ਬਾਅਦ ਡੰਮ੍ਹੀ ਬੋਲੀ ਕਰਾਉਣ ਦੀ ਨੀਅਤ ਬਾਰੇ ਸਾਫ਼ ਕਰਦਾ ਹੈ | ਧਰਨਾਕਾਰੀਆਂ ਨੇ ਕਿਹਾ ਕਿ ਪਿੰਡ ਨਰਮਾਣਾ ਦੇ ਜ਼ਮੀਨੀ ਮਸਲੇ ਅਤੇ ਪੰਚਾਇਤੀ ਕੰਮਾਂ ਬਾਰੇ ਪ੍ਰਸ਼ਾਸਨ ਕੋਈ ਵੀ ਠੋਸ ਕਦਮ ਲੈਣ ਤੋਂ ਝਿਜਕ ਰਿਹਾ ਹੈ ਅਤੇ ਪਿੰਡ ਹਰੀਗੜ੍ਹ ਵਿਚ ਪਲਾਂਟਾਂ ਦਾ ਮਤਾ ਪਏ ਕਈ ਸਾਲ ਬੀਤਣ ਤੋਂ ਬਾਅਦ ਵੀ ਲੋੜਵੰਦ ਪਰਿਵਾਰਾਂ ਨੂੰ ਪਲਾਟ ਦੇਣ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ | ਧਰਨਾਕਾਰੀਆਂ ਵਲੋਂ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ ਦੀ ਗੈਰ ਮੌਜੂਦਗੀ 'ਚ ਉਨ੍ਹਾਂ ਨਾਲ ਫ਼ੋਨ 'ਤੇ ਗੱਲ ਕਰਕੇ ਬੀ.ਡੀ.ਪੀ.ਓ. ਦਫ਼ਤਰ ਦੇ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ ਗਿਆ | ਬਲਾਕ ਆਗੂ ਕਰਤਾਰ ਸਿੰਘ ਬੌੜਾਂ ਅਤੇ ਜਗਰੂਪ ਸਿੰਘ ਢੀਂਗੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਪਿੰਡ ਪੱਧਰੀ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਇਸ ਧਰਨੇ ਦੌਰਾਨ ਬਲਾਕ ਆਗੂ ਮਨਜੀਤ ਕੌਰ ਬਿਨਾਂਹੇੜੀ, ਗੁਰਮੀਤ ਕੌਰ ਹਰੀਗੜ੍ਹ, ਇਕਾਈਆਂ ਦੇ ਮੈਂਬਰ ਭੁਪਿੰਦਰ ਕੌਰ ਬਿਨਾਂਹੇੜੀ, ਮਨਦੀਪ ਕੌਰ ਬਿਨਾਹੇੜੀ, ਸੁਖਵਿੰਦਰ ਕੌਰ ਮੰਡੌਰ, ਲਖਵੀਰ ਸਿੰਘ ਮੰਡੌਰ ਤੋਂ ਇਲਾਵਾ ਹੋਰ ਪਿੰਡਾਂ ਦੇ ਲੋਕ ਸ਼ਾਮਿਲ ਸਨ |