ਹਲਕਾ ਇੰਚਾਰਜ ਰਣਜੋਧ ਹਡਾਣਾ ਵਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਵਾਲੇ 7 ਆਟੋਆਂ ਨੂੰ ਹਰੀ ਝੰਡੀ
ਦੇਵੀਗੜ੍ਹ ਤੋਂ ਸ਼ਿਕਾਇਤ ਬਾਕਸ ਵਾਲੇ ਆਟੋਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ | ਅਜੀਤ ਤਸਵੀਰ
<br/>
14-06-2026
ਇਸ ਮੌਕੇ ਗੱਲਬਾਤ ਕਰਦਿਆਂ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿਛਲੇ ਇਕ ਸਾਲ ਵਿਚ 60,632 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ 90,000 ਤੋਂ ਵੱਧ ਵਿਅਕਤੀਆਂ ਨੇ ਨਸ਼ਾ ਛੱਡਣ ਲਈ ਆਪਣਾ ਇਲਾਜ ਸ਼ੁਰੂ ਕਰਵਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਹੁਣ ਇਸ ਲੜਾਈ ਵਿੱਚ ਆਮ ਲੋਕਾਂ ਦਾ ਸਾਥ ਲੈਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਹ ਆਟੋ ਜਿੱਥੇ ਵੀ ਜਾਣਗੇ, ਉੱਥੇ ਲੋਕਾਂ ਨੂੰ ਜਾਗਰੂਕ ਕਰਨਗੇ | ਸ. ਹਡਾਣਾ ਨੇ ਦੱਸਿਆ ਕਿ ਇਨ੍ਹਾਂ ਆਟੋਆਂ ਦੇ ਪਿੱਛੇ ਵਿਸ਼ੇਸ਼ ਬੈਨਰ ਲਗਾਏ ਗਏ ਹਨ, ਜਿਨ੍ਹਾਂ 'ਤੇ ਆਪਣੀ ਸ਼ਿਕਾਇਤ ਬਕਸੇ ਵਿਚ ਪਾਓ ਜੀ ਲਿਖਿਆ ਹੋਇਆ ਹੈ | ਪਿੰਡਾਂ ਵਿਚ ਜੇਕਰ ਕੋਈ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ, ਤਾਂ ਲੋਕ ਬਿਨਾਂ ਕਿਸੇ ਡਰ ਦੇ ਉਸ ਦੀ ਜਾਣਕਾਰੀ ਲਿਖਤੀ ਰੂਪ ਵਿਚ ਇਸ ਬਕਸੇ ਵਿਚ ਪਾ ਸਕਦੇ ਹਨ | ਇਸ ਤੋਂ ਇਲਾਵਾ ਮੁੱਖ ਮੰਤਰੀ ਨਾਲ ਸਿੱਧਾ ਜੁੜਨ ਅਤੇ ਸਿੱਧੀ ਸ਼ਿਕਾਇਤ ਪਹੁੰਚਾਉਣ ਲਈ ਵਿਸ਼ੇਸ਼ ਨੰਬਰ 98991-00002 ਵੀ ਜਾਰੀ ਕੀਤਾ ਗਿਆ ਹੈ, ਜਿਸ 'ਤੇ ਮਿਸਕਾਲ ਕਰਕੇ ਲੋਕ ਆਪਣੀ ਗੱਲ ਸਰਕਾਰ ਤੱਕ ਪਹੁੰਚਾ ਸਕਦੇ ਹਨ | ਸ਼ਿਕਾਇਤ ਕਰਨ ਵਾਲੇ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ | ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਇਹ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਹਲਕਾ ਸਨੌਰ ਦਾ ਇਕ-ਇਕ ਪਿੰਡ ਨਸ਼ਾ-ਮੁਕਤ ਨਹੀਂ ਹੋ ਜਾਂਦਾ | ਇਸ ਮੌਕੇ ਆਟੋ ਚਾਲਕਾਂ ਨੇ ਵੀ ਪੰਜਾਬ ਸਰਕਾਰ ਦੇ ਇਸ ਨੇਕ ਕਾਰਜ ਵਿਚ ਆਪਣਾ ਪੂਰਾ ਯੋਗਦਾਨ ਪਾਉਣ ਦਾ ਪ੍ਰਣ ਲਿਆ | ਇਸ ਮੌਕੇ ਬਲਦੇਵ ਸਿੰਘ ਦੇਵੀਗੜ੍ਹ ਚੇਅਰਮੈਨ, ਰਾਮਇੰਦਰ ਸਿੰਘ ਜਮਨਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਰਾਜਬੰਸ ਸਿੰਘ 'ਆਪ' ਆਗੂ, ਡਾ. ਹਰਨੇਕ ਸਿੰਘ 'ਆਪ' ਆਗੂ, ਗੁਰਮੀਤ ਅਸਰਪੁਰ ਨਸ਼ਾ ਮੁਕਤੀ ਮੋਰਚਾ ਕੋਆਰਡੀਨੇਟਰ, ਰਾਜਾ ਧੰਜੂ ਸਰਪੰਚ, ਬੰਟੀ ਬਿੰਜਲ ਬਲਾਕ ਪ੍ਰਧਾਨ ਤੋਂ ਇਲਾਵਾ 'ਆਪ' ਦੇ ਸੀਨੀਅਰ ਆਗੂ, ਸਥਾਨਕ ਚੇਅਰਮੈਨ, ਵਾਈਸ ਚੇਅਰਮੈਨ ਸਰਪੰਚ, ਪੰਚ ਪਾਰਟੀ ਦੇ ਮਿਹਨਤੀ ਵਲੰਟੀਅਰ ਅਤੇ ਭਾਰੀ ਗਿਣਤੀ ਵਿਚ ਹਲਕਾ ਨਿਵਾਸੀ ਹਾਜ਼ਰ ਸਨ |